ਭਾਰਤੀ ਟੀਮ ''ਚੋਂ ਬਾਹਰ ਹੋਣ ਕਾਰਨ ਡਿੱਗੀ ਲੈਅ : ਉਮੇਸ਼

Wednesday, May 01, 2019 - 10:25 PM (IST)

ਭਾਰਤੀ ਟੀਮ ''ਚੋਂ ਬਾਹਰ ਹੋਣ ਕਾਰਨ ਡਿੱਗੀ ਲੈਅ : ਉਮੇਸ਼

ਬੈਂਗਲੁਰੂ— ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਕਿਹਾ ਕਿ ਭਾਰਤੀ ਟੀਮ 'ਚੋਂ ਕੁਝ ਮੈਚਾਂ ਤੋਂ ਬਾਅਦ ਅੰਦਰ-ਬਾਹਰ ਕੀਤੇ ਜਾਣ ਨਾਲ ਉਨ੍ਹਾਂ ਦਾ ਮਨੋਬਲ ਡਿੱਗਿਆ ਤੇ ਉਨ੍ਹਾਂ ਦੀ ਲੈਅ 'ਚ ਗਿਰਾਵਟ ਆਈ ਜਿਸ ਨੂੰ ਮੌਜੂਦਾ ਆਈ. ਪੀ. ਐੱਲ. ਵਿਚ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ। ਉਮੇਸ਼ ਭਾਰਤ ਦੀ ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਕੁਝ ਵੀ ਸਹੀ ਨਹੀਂ ਹੋ ਰਿਹਾ ਹੈ ਤੇ ਵਧਦੇ ਦਬਾਅ ਨਾਲ ਉਨ੍ਹਾਂ ਦੀ ਗੇਂਦਬਾਜ਼ੀ 'ਤੇ ਅਸਰ ਪੈ ਰਿਹਾ ਹੈ। ਉਮੇਸ਼ ਨੇ ਕਿਹਾ ਕਿ ਹਰ ਕੋਈ ਕਹਿ ਰਿਹਾ ਹੈ ਕਿ ਮੈਂ ਚੰਗੀ ਗੇਂਦਬਾਜ਼ੀ ਨਹੀਂ ਕਰ ਰਿਹਾ ਹਾਂ ਤੇ ਅਜਿਹਾ ਕਿਉਂ ਹੋ ਰਿਹਾ ਹੈ? ਕਿਉਂਕਿ, ਪਿਛਲੇ ਦੋ ਸਾਲਾਂ ਵਿਚ ਮੈਂ ਘਰੇਲੂ ਪੱਧਰ 'ਤੇ ਸਾਰੇ ਫਾਰਮੈਟਾਂ ਵਿਚ ਖੇਡਣਾ ਜਾਰੀ ਰੱਖਿਆ ਪਰ ਇਸ ਦੇ ਬਾਵਜੂਦ ਮੈਂ ਇੰਨੇ ਵਨ ਡੇ ਜਾਂ ਟੀ-20 ਮੈਚ ਨਹੀਂ ਖੇਡੇ। ਮੈਨੂੰ ਸਿਰਫ਼ ਦੋ ਜਾਂ ਤਿੰਨ ਮੈਚਾਂ ਲਈ ਚੁਣਿਆ ਜਾਂਦਾ ਹੈ ਤੇ ਫਿਰ ਟੀਮ 'ਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਹਰ ਕੋਈ ਸੋਚ ਰਿਹਾ ਹੈ ਕਿ ਮੈਂ ਆਪਣਾ ਸਰਬੋਤਮ ਨਹੀਂ ਦੇ ਰਿਹਾ ਪਰ ਅਜਿਹਾ ਨਹੀਂ ਹੈ। ਅਜਿਹਾ ਹਰੇਕ ਤੇਜ਼ ਗੇਂਦਬਾਜ਼ ਲਈ ਹੁੰਦਾ ਹੈ।
ਉਮੇਸ਼ ਨੇ ਕਿਹਾ ਕਿ ਖ਼ਰਾਬ ਲੈਅ ਦੀ ਵਿਆਖਿਆ ਕਰਨਾ ਮੁਸ਼ਕਲ ਹੈ ਕਿਉਂਕਿ ਇਹ ਹਰ ਗੇਂਦਬਾਜ਼ ਦੇ ਜੀਵਨ ਦਾ ਹਿੱਸਾ ਹੈ। ਕਦੀ ਕਦੀ ਸਾਡੇ ਲਈ ਦਿਨ ਚੰਗਾ ਜਾਂ ਫਿਰ ਬੁਰਾ ਹੁੰਦਾ ਹੈ। ਮੈਨੂੰ ਲਗਦਾ ਹੈ ਕਿ ਇਹ ਅਜਿਹਾ ਦੌਰ ਹੈ ਜਿੱਥੇ ਚਾਰ ਤੋਂ ਛੇ ਮਹੀਨਿਆਂ ਤੋਂ ਮੈਂ ਇੰਨੀ ਚੰਗੀ ਗੇਂਦਬਾਜ਼ੀ ਨਹੀਂ ਕਰ ਰਿਹਾ ਹਾਂ। ਉਮੇਸ਼ ਨੇ ਆਪਣਾ ਪਿਛਲਾ ਵਨ ਡੇ 24 ਅਕਤੂਬਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਖੇਡਿਆ ਸੀ।


author

Gurdeep Singh

Content Editor

Related News