ਭਾਰਤ ''ਤੇ ਭਾਰੂ ਪੈ ਰਹੀ ਦੁਨੀਆ ਦੇ ਨੰਬਰ-1 ਬੱਲੇਬਾਜ਼ ਵਿਰਾਟ ਦੀ ਨਾਕਾਮੀ

02/25/2020 6:34:21 PM

ਨਵੀਂ ਦਿੱਲੀ : ਦੁਨੀਆ ਦੇ ਨੰਬਰ-1 ਬੱਲੇਬਾਜ਼ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਨਿਊਜ਼ੀਲੈਂਡ ਦੌਰੇ ਵਿਚ ਬੱਲੇ ਦੀ ਨਾਕਾਮੀ ਟੀਮ ਇੰਡੀਆ 'ਤੇ ਭਾਰੂ ਪੈ ਰਹੀ ਹੈ। ਵਿਰਾਟ ਨਿਊਜ਼ੀਲੈਂਡ ਦੌਰੇ 'ਚ ਆਪਣੇ ਵੱਕਾਰ ਤੋਂ ਕੋਹਾਂ ਦੂਰ ਹੈ। ਇਹ ਵਜਾ ਹੈ ਕਿ ਟੀਮ ਇੰਡੀਆ ਨੂੰ ਵਨ ਡੇ ਸੀਰੀਜ਼ ਵਿਚ 0-3 ਨਾਲ ਅਤੇ ਵੇਲਿੰਗਟਨ ਵਿਚ ਪਹਿਲੇ ਟੈਸਟ ਵਿਚ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤ ਨੇ ਟੀ-20 ਸੀਰੀਜ਼ 5-0 ਦੇ ਰਿਕਾਰਡ ਅੰਡਰ ਨਾਲ ਜਿੱਤੀ ਸੀ। ਉਸ ਸਮੇਂ ਟੀਮ ਵਿਚ ਰੋਹਿਤ ਸ਼ਰਮਾ ਵਰਗੇ ਤਜ਼ੁਰਬੇਕਾਰ ਮੌਜੂਦ ਸਨ ਜੋ ਟੀਮ ਨੂੰ ਸੰਭਾਲ ਰਹੇ ਸਨ। ਵਿਰਾਟ ਨੇ ਇਸ ਦੌਰੇ ਵਿਚ ਟੀ-20 ਸੀਰੀਜ਼ ਵਿਚ 45, 11, 38 ਅਤੇ 11 ਦੌੜਾਂ, ਵਨ ਡੇ ਸੀਰੀਜ਼ ਵਿਚ 51, 15 ਅਤੇ 9 ਦੌੜਾਂ ਅਤੇ ਪਹਿਲੇ ਟੈਸਟ ਮੈਚ ਵਿਚ 2 ਅਤੇ 19 ਦੌੜਾਂ ਬਣਾਈਆਂ। ਇਹ ਸਕੋਰ ਉਸ ਬੱਲੇਬਾਜ਼ ਦੇ ਵੱਕਾਰ ਨਾਲ ਮੇਲ ਨਹੀਂ ਖਾਂਦੇ ਹਨ, ਜਿਸ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ। ਹਾਲਾਂਕਿ ਵੇਲਿੰਗਟਨ ਵਿਚ ਸਵਾ 3 ਦਿਨ ਵਿਚ ਮੈਚ 10 ਵਿਕਟਾਂ ਨਾਲ ਹਾਰਨ ਤੋਂ ਬਾਅਦ ਵਿਰਾਟ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਸੀ ਕਿ ਇਕ ਹਾਰ ਨਾਲ ਟੀਮ ਖਰਾਬ ਨਹੀਂ ਹੋ ਜਾਂਦੀ ਅਤੇ ਸਿਰਫ ਸਕੋਰ ਨਾਲ ਉਸ ਦੀ ਬੱਲੇਬਾਜ਼ੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

PunjabKesari

ਉਸ ਨੇ ਕਿਹਾ ਸੀ ਕਿ ਉਸ ਦੀ ਬੱਲੇਬਾਜ਼ੀ ਠੀਕ ਹੈ ਅਤੇ ਕੁੱਝ ਸਮਾਂ ਹੀ ਕ੍ਰੀਜ਼ 'ਤੇ ਗੁਜ਼ਾਰਨ ਦੀ ਗੱਲ ਹੈ। ਇਹ ਦਿਲਚਸਪ ਹੈ ਕਿ ਵਨ ਡੇ ਸੀਰੀਜ਼ ਵਿਚ ਵਿਰਾਟ ਦਾ ਬੱਲਾ ਲਗਭਗ ਖਾਮੋਸ਼ ਰਿਹਾ ਸੀ। ਇਸ ਦੇ ਬਾਵਜੂਦ ਉਹ ਹੇਮਿਲਟਨ ਵਿਚ ਨਿਊਜ਼ੀਲੈਂਡ ਇਲੈਵਨ ਖਿਲਾਫ ਬੱਲੇਬਾਜ਼ੀ ਅਭਿਆਸ ਕਰਨ ਨਹੀਂ ਉਤਰਿਆ। ਵਿਰਾਟ ਨੇ ਇਸ ਤੋਂ ਪਹਿਲਾਂ ਕੋਲਕਾਤਾ ਵਿਚ ਬੰਗਲਾਦੇਸ਼ ਖਿਲਾਫ ਦਿਨ-ਰਾਤ ਟੈਸਟ ਵਿਚ 136 ਦੌੜਾਂ ਬਣਾਈਆਂ ਸਨ ਜਦਕਿ ਇੰਦੌਰ ਵਿਚ ਉਹ ਬੰਗਲਾਦੇਸ਼ ਖਿਲਾਫ ਖਾਤਾ ਖੋਲੇ ਬਿਨਾ ਹੀ ਆਊਟ ਹੋ ਗਿਆ ਸੀ। ਉਸ ਨੇ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਵਿਚ ਵਿਸ਼ਾਖਾਪਟਨਮ ਵਿਚ 20 ਅਤੇ ਅਜੇਤੂ 31 ਅਤੇ ਪੂਣੇ ਵਿਚ ਅਜੇਤੂ 254 ਦੌੜਾਂ ਦੀ ਆਪਣੀ ਸਰਵਸ਼੍ਰੇਸ਼ਠ ਪਾਰੀ ਖੇਡੀ ਸੀ। ਵਿਦੇਸ਼ੀ ਜ਼ਮਨੀ 'ਤੇ ਭਾਰਤੀ ਬੱਲੇਬਾਜ਼ਾਂ ਨੂੰ ਹਮੇਸ਼ਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਦੁਨੀਆ ਦੇ ਨੰਬਰ-1 ਬੱਲੇਬਾਜ਼ ਸਸਤੇ ਵਿਚ ਆਊਟ ਹੋ ਜਾਣ ਤਾਂ ਟੀਮ 'ਤੇ ਦਬਾਅ ਵਧ ਜਾਂਦਾ ਹੈ। ਇਸੇ ਤਰ੍ਹਾਂ ਦਾ ਹੀ ਕੁੱਝ ਭਾਰਤੀ ਟੀਮ ਨਾਲ ਵੇਲਿੰਗਟਨ ਵਿਚ ਹੋਇਆ। ਦੋਨੋਂ ਓਪਨਰ ਪ੍ਰਿਥਵੀ ਸ਼ਾਹ ਅਤੇ ਮਯੰਕ ਅਗਰਵਾਲ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਸਕੇ ਅਤੇ ਟੀਮ ਦੇ ਸਭ ਤੋਂ ਵਿਸ਼ਵਾਸਯੋਗ ਬੱਲੇਬਾਜ਼ ਚੇਤੇਸ਼ਵ ਪੁਜਾਰਾ ਦਾ ਸਸਤੇ ਵਿਚ ਆਊਟ ਹੋਣ ਕਾਰਨ ਟੀਮ 'ਤੇ ਦਬਾਅ ਵਧ ਗਿਆ ਹੈ। ਪੁਜਾਰਾ ਨੇ ਪਹਿਲੀ ਪਾਰੀ ਵਿਚ 11 ਅਤੇ ਦੂਜੀ ਪਾਰੀ ਵਿਚ ਵੀ 11 ਦੌੜਾਂ ਬਣਾਈਆਂ।

PunjabKesari

 

Related News