2 ਕਿੱਲੋ ਗਾਂਜੇ ਸਮੇਤ ਫੜ੍ਹੇ ਗਏ ਦੋਸ਼ੀ ਨੂੰ 1 ਸਾਲ 3 ਮਹੀਨੇ ਦੀ ਕੈਦ

Thursday, Jul 09, 2026 - 01:34 PM (IST)

2 ਕਿੱਲੋ ਗਾਂਜੇ ਸਮੇਤ ਫੜ੍ਹੇ ਗਏ ਦੋਸ਼ੀ ਨੂੰ 1 ਸਾਲ 3 ਮਹੀਨੇ ਦੀ ਕੈਦ

ਮੋਹਾਲੀ (ਜੱਸੀ) : ਥਾਣਾ ਲਾਲੜੂ ਪੁਲਸ ਵੱਲੋਂ 2 ਕਿੱਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤੇ ਲਖਨ ਕੁਮਾਰ ਉਰਫ਼ ਲਖਨ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 1 ਸਾਲ 3 ਮਹੀਨੇ ਦੀ ਸਖ਼ਤ ਕੈਦ ਤੇ 1,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਉਸ ਨੂੰ ਵਾਧੂ ਕੈਦ ਵੀ ਭੁਗਤਣੀ ਪਵੇਗੀ। ਮਾਮਲੇ ਮੁਤਾਬਕ 8 ਜਨਵਰੀ 2024 ਨੂੰ ਥਾਣਾ ਲਾਲੜੂ ਪੁਲਸ ਟੀਮ ਇਲਾਕੇ ’ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਗਊਸ਼ਾਲਾ ਰੋਡ ਤੋਂ ਲਾਲੜੂ ਮੰਡੀ ਵੱਲ ਜਾਣ ਵਾਲੀ ਸੜਕ ’ਤੇ ਡਰੇਨੇਜ ਪੁਲ ਨੇੜੇ ਵਿਅਕਤੀ ਨੂੰ ਬੈਗ ਨਾਲ ਸ਼ੱਕੀ ਹਾਲਤ ’ਚ ਘੁੰਮਦੇ ਦੇਖਿਆ ਗਿਆ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ, ਜਿਸ ਦੌਰਾਨ ਬੈਗ ’ਚੋਂ 2 ਕਿੱਲੋ ਗਾਂਜਾ ਬਰਾਮਦ ਹੋਇਆ। ਮੁਲਜ਼ਮ ਇਸ ਸਬੰਧੀ ਕੋਈ ਵੀ ਵੈਧ ਪਰਮਿਟ ਜਾਂ ਲਾਈਸੈਂਸ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਉਸ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ।
ਫ਼ਾਰੈਂਸਿਕ ਸਾਇੰਸ ਲੈਬੋਰੇਟਰੀ ਦੀ ਰਿਪੋਰਟ ਨੂੰ ਮੰਨਿਆ ਅਹਿਮ ਸਬੂਤ
ਸੁਣਵਾਈ ਦੌਰਾਨ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਤਲਾਸ਼ੀ ਤੇ ਬਰਾਮਦਗੀ ਵੇਲੇ ਕੋਈ ਸੁਤੰਤਰ ਗਵਾਹ ਮੌਜੂਦ ਨਹੀਂ ਸੀ, ਇਸ ਲਈ ਪੁਲਸ ਦੀ ਕਾਰਵਾਈ ’ਤੇ ਸ਼ੱਕ ਕੀਤਾ ਜਾਣਾ ਚਾਹੀਦਾ ਹੈ ਪਰ ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਇਹ ਦਲੀਲ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਪੁਲਸ ਅਧਿਕਾਰੀਆਂ ਦੀ ਗਵਾਹੀ ਭਰੋਸੇਯੋਗ ਤੇ ਤਰਕ ਸੰਗਤ ਹੋਵੇ ਤਾਂ ਕੇਵਲ ਸੁਤੰਤਰ ਗਵਾਹ ਨਾ ਹੋਣ ਦੇ ਆਧਾਰ ’ਤੇ ਉਸ ਨੂੰ ਨਕਾਰਿਆ ਨਹੀਂ ਜਾ ਸਕਦਾ। ਅਦਾਲਤ ਨੇ ਫ਼ਾਰੈਂਸਿਕ ਸਾਇੰਸ ਲੈਬੋਰੇਟਰੀ (ਐੱਫ.ਐੱਸ.ਐੱਲ.) ਰਿਪੋਰਟ ਨੂੰ ਵੀ ਅਹਿਮ ਸਬੂਤ ਮੰਨਿਆ, ਜਿਸ ’ਚ ਬਰਾਮਦ ਪਦਾਰਥ ਨੂੰ ਗਾਂਜਾ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਸਾਰੇ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਅਦਾਲਤ ਨੇ ਇਹ ਸਿੱਟਾ ਕੱਢਿਆ ਕਿ ਮੁਲਜ਼ਮ ਕੋਲ ਗਾਂਜੇ ਦੀ ਗੈਰ-ਵਪਾਰਕ ਮਾਤਰਾ ਸੀ ਤੇ ਇਸ ਦੋਸ਼ ਨੂੰ ਇਸਤਗਾਸਾ ਪੱਖ ਨੇ ਸ਼ੱਕ ਤੋਂ ਪਰੇ ਸਾਬਤ ਕਰ ਦਿੱਤਾ। ਇਸ ਦੇ ਆਧਾਰ ’ਤੇ ਅਦਾਲਤ ਨੇ ਲਖਨ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾ ਦਿੱਤੀ।


author

Babita

Content Editor

Related News