ਭਾਰਤ ਖਿਲਾਫ ਨਵੀਂ ਰਣਨੀਤੀ ਬਣਾਉਣੀ ਹੋਵੇਗੀ : ਡੁਪਲੇਸਿਸ
Monday, Jun 03, 2019 - 03:08 PM (IST)

ਸਪੋਰਟਸ ਡੈਸਕ— ਲਗਾਤਾਰ ਦੂਜੀ ਹਾਰ ਨਾਲ ਪਰੇਸ਼ਾਨ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਵਰਲਡ ਕੱਪ 'ਚ ਬਣੇ ਰਹਿਣ ਲਈ ਭਾਰਤ ਖਿਲਾਫ ਅਗਲੇ ਮੈਚ 'ਚ ਨਵੀਂ ਰਣਨੀਤੀ ਬਣਾਉਣੀ ਹੋਵੇਗੀ। ਦੱਖਣੀ ਅਫਰੀਕਾ ਨੂੰ ਪਹਿਲੇ ਮੈਚ 'ਚ ਇੰਗਲੈਂਡ ਨੇ 104 ਦੌੜਾਂ ਨਾਲ ਅਤੇ ਦੂਜੇ ਮੈਚ 'ਚ ਬੰਗਲਾਦੇਸ਼ ਨੇ 21 ਦੌੜਾਂ ਨਾਲ ਹਰਾਇਆ। ਤਜਰਬੇਕਾਰ ਤੇਜ਼ ਗੇਂਦਬਾਜ਼ ਡੇਲ ਸਟੇਨ ਮੋਢੇ ਦੀ ਸੱਟ ਤੋਂ ਉਭਰ ਰਹੇ ਹਨ ਜਦਕਿ ਨੌਜਵਾਨ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਦੇ ਖੱਬੇ ਹੈਮਸਟ੍ਰਿੰਗ 'ਚ ਸੱਟ ਲੱਗੀ ਹੈ।
ਡੁ ਪਲੇਸਿਸ ਨੇ ਕਿਹਾ, ''ਅਸੀਂ ਵਿਸ਼ਲੇਸ਼ਣ ਕਰਾਂਗੇ ਅਤੇ ਦੇਖਾਂਗੇ ਕਿ ਟੀਮ ਦਾ ਹੌਂਸਲਾ ਕਿਵੇਂ ਵਧਾਉਣਾ ਹੈ।'' ਉਨ੍ਹਾਂ ਕਿਹਾ, ''ਭਾਰਤ ਦੀ ਟੀਮ ਕਾਫੀ ਮਜ਼ਬੂਤ ਹੈ ਅਤੇ ਇਕ ਟੀਮ ਦੇ ਤੌਰ 'ਤੇ ਸਾਨੂੰ ਪਤਾ ਹੈ ਕਿ ਅਸੀਂ ਚੰਗਾ ਨਹੀਂ ਖੇਡ ਰਹੇ ਹਾਂ। ਸਾਨੂੰ ਇਸ ਸਥਿਤੀ ਨੂੰ ਬਦਲਣਾ ਹੋਵੇਗਾ।'' ਬੰਗਲਾਦੇਸ਼ ਤੋਂ ਮਿਲੀ ਹਾਰ ਦੇ ਬਾਰੇ 'ਚ ਉਨ੍ਹਾਂ ਕਿਹਾ, ''ਇਹ ਕਾਫੀ ਨਿਰਾਸ਼ਾਜਨਕ ਹੈ। ਅਸੀਂ ਖੇਡ ਦੇ ਸਾਰੇ ਫਾਰਮੈਟਾਂ 'ਚ ਇਸ ਸਮੇਂ ਨਹੀਂ ਚਲ ਪਾ ਰਹੇ ਹਾਂ। ਇਸ ਦੇ ਲਈ ਬਦਕਿਸਮਤੀ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ।'' ਉਨ੍ਹਾਂ ਕਿਹਾ, ''ਸਾਡੀ ਰਣਨੀਤੀ ਹਮਲਾਵਰ ਗੇਂਦਬਾਜ਼ੀ ਨਾਲ ਉਨ੍ਹਾਂ ਨੂੰ ਦਬਾਅ 'ਚ ਲਿਆਉਣ ਦੀ ਸੀ ਪਰ ਚਲ ਨਹੀਂ ਸਕੀ।'' ਤਿੰਨ ਮੁੱਖ ਤੇਜ਼ ਗੇਂਦਬਾਜ਼ਾਂ ਦੀ ਗੈਰ ਮੌਜੂਦਗੀ ਦਾ ਅਸਰ ਦੱਖਣੀ ਅਫਰੀਕਾ ਦੇ ਪ੍ਰਦਰਸਨ 'ਤੇ ਪਿਆ। ਡੁਪਲੇਸਿਸ ਨੇ ਕਿਹਾ, ''ਸਾਡੇ ਕੋਲ ਦੋ ਤੇਜ਼ ਗੇਂਦਬਾਜ਼ ਹਰਫਨਮੌਲਾ ਹਨ ਅਤੇ ਕ੍ਰਿਸ ਮੌਰਿਸ ਵੀ ਤੇਜ਼ ਗੇਂਦਬਾਜ਼ੀ ਦਾ ਬਦਲ ਹੈ। ਅਸੀਂ ਸਰਵਸ੍ਰੇਸ਼ਠ ਤਾਲਮੇਲ ਦੇ ਨਾਲ ਮੈਦਾਨ 'ਤੇ ਉਤਰਾਂਗੇ।''