ਕ੍ਰਿਪਟੋ ਕੱਪ ਸ਼ਤਰੰਜ : ਪਹਿਲੇ ਸਥਾਨ ਦੇ ਨਾਲ ਫ਼ਾਬਿਆਨੋ ਕਰੂਆਨਾ ਪਲੇਅ ਆਫ਼ ’ਚ
Wednesday, May 26, 2021 - 08:25 PM (IST)
ਸਪੋਰਟਸ ਡੈਸਕ— ਚੈਂਪੀਅਨ ਚੈੱਸ ਟੂਰ ਦੇ ਸਤਵੇਂ ਪੜਾਅ ’ਚ 3 ਲੱਖ 20 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲੇ ਕ੍ਰਿਪਟੋ ਕੱਪ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਗਰੁੱਪ ਪੜਾਅ ਦੇ ਮੁਕਾਬਲੇ ਖ਼ਤਮ ਹੋ ਗਏ ਹਨ ਤੇ ਇਸ ਤਰ੍ਹਾਂ ਜਿੱਥੇ ਅੱਠ ਖਿਡਾਰੀਆਂ ਦੀ ਟੂਰਨਾਮੈਂਟ ਤੋਂ ਵਿਦਾਈ ਹੋ ਗਈ ਤਾਂ ਅੱਠ ਖਿਡਾਰੀ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕਰ ਗਏ। ਦੂਜੇ ਦਿਨ ਚੋਟੀ ’ਤੇ ਰਹੇ ਯੂ. ਐੱਸ. ਏ. ਦੇ ਫ਼ਾਬਿਆਨੋ ਕਰੂਆਨਾ ਦਾ ਸ਼ਾਨਦਾਰ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਰਿਹਾ ਤੇ ਕੁਲ 15 ਰਾਊਂਡ ਦੀ ਸਮਾਪਤੀ ’ਤੇ ਉਹ 10 ਅੰਕ ਬਣਾ ਕੇ ਚੋਟੀ ’ਤੇ ਰਹੇ।
ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਵਾਪਸੀ ਕਰਦੇ ਹੋਏ 9 ਅੰਕ ਬਣਾ ਕੇ ਬਿਹਤਰ ਟਾਈਬ੍ਰੇਕ ਦੇ ਆਧਾਰ ’ਤੇ ਦੂਜਾ ਸਥਾਨ ਹਾਸਲ ਕੀਤਾ ਤਾਂ ਇਨੇ ਹੀ ਅੰਕਾਂ ’ਤੇ ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ, ਫ਼੍ਰਾਂਸ ਦੇ ਮਕਸੀਮ ਲਾਗਰੇਵ ਤੇ ਯੂ. ਐੱਸ. ਏ. ਦੇ ਵੇਸਲੀ ਸੋ ਕ੍ਰਮਵਾਰ ਦੂਜੇ ਤੋਂ ਚੌਥੇ ਸਥਾਨ ’ਤੇ ਰਹੇ। ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਵੀ ਆਖ਼ਰ ’ਚ ਪਲੇਅ ਆਫ਼ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਹੇ। 8.5 ਅੰਕ ਬਣਾ ਕੇ ਬਿਹਤਰ ਟਾਈਬ੍ਰੇਕ ਦੇ ਆਧਾਰ ’ਤੇ ਉਹ ਛੇਵੇਂ ਤੇ ਅਜਰਬੇਜਾਨ ਦੇ ਤੈਮੂਰ ਰਦਜਾਬੋਵ ਸਤਵੇਂ ਸਥਾਨ ’ਤੇ ਰਹੇ। ਰੂਸ ਦੇ ਈਆਨ ਨੇਪੋਂਨਿਯਚੀ 8 ਅੰਕ ਬਣਾ ਕੇ ਅੱਠਵੇਂ ਸਥਾਨ ’ਤੇ ਰਹੇ।
ਹੁਣ ਕੁਆਰਟਰ ਫ਼ਾਈਨਲ ’ਚ ਫ਼ਾਬਿਆਨੋ ਕਰੂਆਨਾ ਨਾਲ ਈਆਨ ਨੇਪੋਂਨਿਚਯੀ, ਵੇਸਲੀ ਸੋ ਨਾਲ ਮਕਸੀਮ ਲਾਗਰੇਵ, ਹਿਕਾਰੂ ਨਾਕਾਮੁਰਾ ਨਾਲ ਮੇਗਨਸ ਕਾਰਸਨ ਤੇ ਤੈਮੂਰ ਰਦਜਾਬੋਵ ਨਾਲ ਅਨੀਸ਼ ਗਿਰੀ ਮੁਕਾਬਲੇ ਖੇਡਣਗੇ। ਕੁਆਰਟਰ ਫ਼ਾਈਨਲ ਮੁਕਾਬਲੇ ਬੈਸਟ ਆਫ਼ ਟੂ ਦੇ ਆਧਾਰ ’ਤੇ ਦੋ ਦਿਨ ਖੇਡੇ ਜਾਣਗੇ, ਹਰ ਦਿਨ ਕੁਲ ਚਾਰ ਰੈਪਿਡ ਮੁਕਾਬਲੇ ਖੇਡੇ ਜਾਣਗੇ।