ਅਹਿਮਦਾਬਾਦ ਦੀ ਪਿੱਚ ਦੇ ਤੀਜੇ ਮੈਚ ਤੋਂ ਵੱਧ ਟਰਨ ਹੋਣ ਦੀ ਉਮੀਦ : ਫੋਕਸ
Monday, Mar 01, 2021 - 07:48 PM (IST)
ਅਹਿਮਦਾਬਾਦ– ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਬੇਨ ਫੋਕਸ ਨੇ ਕਿਹਾ ਹੈ ਕਿ ਇੰਗਲੈਂਡ ਵੀਰਵਾਰ ਤੋਂ ਅਹਿਮਦਾਬਾਦ ਦੇ ਮੈਦਾਨ ’ਤੇ ਭਾਰਤ ਵਿਰੁੱਧ ਹੋਣ ਵਾਲੇ ਚੌਥੇ ਤੇ ਆਖਰੀ ਟੈਸਟ ਮੈਚ ਵਿਚ ਭਾਰਤ ਵਿਰੁੱਧ ਬਿਹਤਰ ਤਿਆਰੀ ਦੇ ਨਾਲ ਲੜੀ ਵਿਚ 2-2 ਦੀ ਬਰਾਬਰੀ ਕਰਨ ਦੇ ਇਰਾਦੇ ਨਾਲ ਉਤਰੇਗੀ। ਹਾਲਾਂਕਿ ਆਖਰੀ ਟੈਸਟ ਵਿਚ ਅਹਿਮਦਾਬਾਦ ਦੀ ਪਿੱਚ ’ਤੇ ਤੀਜੇ ਮੈਚ ਤੋਂ ਵੀ ਵੱਧ ਟਰਨ ਹੋਣ ਦੀ ਉਮੀਦ ਹੈ।
ਫੋਕਸ ਨੇ ਕਿਹਾ,‘‘ਅਹਿਮਦਾਬਾਦ ਮੈਦਾਨ ਦੀ ਸਤ੍ਹਾ ਦੂਜੀ ਵਾਰ ਇਕ ਰਹੱਸ ਤੋਂ ਘੱਟ ਨਹੀਂ ਹੋਵੇਗੀ ਤੇ ਇਹ ਉਸਦੀ ਟੀਮ ਦੇ ਉਪਰ ਹੈ ਕਿ ਉਹ ਇਨ੍ਹਾਂ ਹਾਲਾਤ ਵਿਚ ਕਿਸ ਤਰ੍ਹਾਂ ਨਾਲ ਬਿਹਤਰ ਪ੍ਰਦਰਸ਼ਨ ਕਰਦੀ ਹੈ। ਅੱਜ ਅਭਿਆਸ ਦੌਰਾਨ ਪਿੱਚ ’ਤੇ ਮੌਜੂਦ ਸੀ ਤੇ ਮੈਨੂੰ ਲੱਗਦਾ ਹੈ ਕਿ ਇਹ ਪਹਿਲਾਂ ਵਰਗੀ ਹੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਚਿੰਤਾ ਦਾ ਵਿਸ਼ਾ ਹੈ। ਸਾਨੂੰ ਇਸ ਪਿੱਚ ’ਤੇ ਪਹਿਲੀ ਗੇਂਦ ਤੋਂ ਹੀ ਟਰਨ ਦੇਖਣ ਨੂੰ ਮਿਲੇਗੀ, ਇਸ ਲਈ ਸਾਨੂੰ ਇਨ੍ਹਾਂ ਹਾਲਾਤ ਵਿਚ ਖੇਡਣ ਦਾ ਤਰੀਕਾ ਲੱਭਣਾ ਪਵੇਗਾ।’’
ਫੋਕਸ ਨੇ ਕਿਹਾ,‘‘ਆਖਰੀ ਕੁਝ ਪਾਰੀਆਂ ਤੋਂ ਬਾਅਦ ਅਸੀਂ ਖੁਦ ਨੂੰ ਘੱਟ ਨਹੀਂ ਮੰਨ ਰਹੇ ਹਾਂ। ਅਸੀਂ ਸਪੱਸ਼ਟ ਰਣਨੀਤੀ ਤੇ ਹਾਂ-ਪੱਖੀ ਦ੍ਰਿਸ਼ਟੀਕੋਣ ਦੇ ਨਾਲ ਮੈਦਾਨ ’ਤੇ ਉਤਰਾਂਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਅਜੇ ਵੀ ਲੜੀ ਡਰਾਅ ਕਰਵਾਉਣ ਦੀ ਸਥਿਤੀ ਵਿਚ ਹਾਂ। ਜੇਕਰ ਅਸੀਂ ਆਖਰੀ ਮੁਕਾਬਲਾ ਜਿੱਤਦੇ ਹਾਂ ਤਾਂ ਇਹ ਸਾਡੀ ਸ਼ਾਨਦਾਰ ਪ੍ਰਾਪਤੀ ਹੋਵੇਗੀ। ਅਸੀਂ ਜਿਸ ਤਰ੍ਹਾਂ ਦੀ ਸਤ੍ਹਾ ’ਤੇ ਖੇਡਣ ਜਾ ਰਹੇ ਹਾਂ, ਉਸ ’ਤੇ ਖੇਡਣਾ ਮੁਸ਼ਕਿਲ ਹੈ ਪਰ ਅਸੀਂ ਆਖਰੀ ਗੇਮ ਵਿਚ ਬਿਹਤਰ ਕਰ ਸਕਦੇ ਹਾਂ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।