ਅਬੂਧਾਬੀ ਟੀ-10 ਲੀਗ : ਏਵਿਨ ਲੁਈਸ ਨੇੇ 1 ਓਵਰ ’ਚ ਮਾਰੇ 5 ਛੱਕੇ, ਦਿੱਲੀ ਬੁਲਸ ਨੇ ਪੰਜ ਓਵਰਾਂ ’ਚ ਜਿੱਤਿਆ ਮੈਚ
Saturday, Jan 30, 2021 - 04:25 PM (IST)
ਨਵੀਂ ਦਿੱਲੀ— ਅਬੂਧਾਬੀ ਟੀ-10 ਲੀਗ ’ਚ ਦਿੱਲੀ ਬੁਲਸ ਨੇ ਮਰਾਠਾ ਅਰੇਬੀਅਨਸ ’ਤੇ 9 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਅਬੂਧਾਬੀ ਦੇ ਸ਼ੇਖ਼ ਜ਼ਾਇਦ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਪਹਿਲਾਂ ਖੇਡਦੇ ਹੋਏ ਮਰਾਠਾ ਟੀਮ ਨੇ ਨਿਰਧਾਰਤ 10 ਓਵਰਾਂ ’ਚ 87 ਦੌੜਾਂ ਬਣਾਈਆਂ ਸਨ। ਜਵਾਬ ’ਚ ਦਿੱਲੀ ਨੇ ਏਵਿਨ ਲੁਈਸ ਦੇ ਇਕ ਓਵਰ ’ਚ ਮਾਰੇ ਗਏ ਛੱਕਿਆਂ ਦੀ ਬਦੌਲਤ ਸਿਰਫ਼ ਪੰਜ ਓਵਰਾਂ ’ਚ ਮੈਚ ਜਿੱਤ ਲਿਆ।
ਇਹ ਵੀ ਪੜ੍ਹੋ : ਕੋਰੋਨਾ ਕਾਰਨ 87 ਸਾਲ ’ਚ ਪਹਿਲੀ ਵਾਰ ਨਹੀਂ ਹੋਵੇਗਾ ਰਣਜੀ ਟਰਾਫ਼ੀ ਟੂਰਨਾਮੈਂਟ
ਇਸ ਤੋਂ ਪਹਿਲਾਂ ਮਰਾਠਾ ਅਰੇਬੀਅਨਸ ਦੀ ਸ਼ੁਰੂਆਤ ਖ਼ਰਾਬ ਰਹੀ ਸੀ। ਪਹਿਲੇ ਹੀ ਓਵਰ ’ਚ ਵਿਕਟਕੀਪਰ ਬੱਲੇਬਾਜ਼ ਅਬਦੁਲ ਸ਼ਾਕੂਰ ਸਿਫ਼ਰ ’ਤੇ ਹੀ ਆਊਟ ਹੋ ਗਏ। ਇਸ ਦੌਰਾਨ ਜਾਵੇਦ ਅਹਿਮਦ ਨੇ ਲਾਰੀ ਇਵੇਂਸ ਤੇ ਮੋਸੇਦੇਕ ਹੁਸੈਨ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ। ਜਾਵੇਦ ਨੇ 19 ਗੇਂਦਾਂ ’ਚ 24 ਦੌੜਾਂ ਬਣਾਈਆਂ ਜਦਕਿ, ਕਪਤਾਨ ਹੁਸਨੈਨ ਨੇ 22 ਗੇਂਦਾਂ ’ਚ ਪੰਜ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 35 ਦੌੜਾਂ ਬਣਾਈਆਂ। ਦਿੱਲੀ ਵੱਲੋਂ ਅਹਿਮਦ ਭੱਟ, ਫ਼ਿਡੇਲ ਐਡਵਰਡ ਤੇ ਅਲੀ ਖ਼ਾਨ ਨੇ 1-1 ਵਿਕਟ ਲਿਆ।
88 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਬੁਲਸ ਦੀ ਸ਼ੁਰੂਆਤ ਵੀ ਹਾਲਾਂਕਿ ਖ਼ਰਾਬ ਰਹੀ। ਪਹਿਲੇ ਹੀ ਓਵਰ ’ਚ ਗੁਰਬਾਜ਼ ਮੁਖ਼ਤਾਰ ਅਲੀ ਨੂੰ ਕੈਚ ਦਿੰਦੇ ਹੋਏ ਆਊਟ ਹੋ ਗਏ। ਇਸ ਤੋਂ ਬਾਅਦ ਏਵਿਨ ਲੁਈਸ ਨੇ ਰਵੀ ਬੋਪਾਰਾ ਦੇ ਨਾਲ ਮਿਲ ਕੇ ਮਰਾਠਾ ਗੇਂਦਬਾਜ਼ਾਂ ਦਾ ਖ਼ੂਬ ਕੁਟਾਪਾ ਚਾੜਿ੍ਹਆ। ਲੁਈਸ ਨੇ 16 ਗੇਂਦਾਂ ’ਚ ਦੋ ਚੌਕੇ ਤੇ 7 ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾ ਲਈਆਂ, ਜਦਕਿ ਬੋਪਾਰਾ ਨੇ 12 ਗੇਂਦਾਂ ’ਚ ਪੰਜ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਇੰਗਲੈਂਡ ਟੀਮ ਨੇ ਦੂਜਾ ਕੋਰੋਨਾ ਟੈਸਟ ਕੀਤਾ ਪਾਸ, ਸਟੋਕ, ਆਰਚਰ, ਬਰਨਸ ਨੇ ਅਭਿਆਸ ਕੀਤਾ ਸ਼ੁਰੂ
ਲੁਈਸ ਨੇ ਇਸ ਦੌਰਾਨ ਮੁਖ਼ਤਾਰ ਅਲੀ ਦੇ ਇਕ ਓਵਰ ’ਚ 33 ਦੌੜਾਂ ਬਣਾਈਆਂ। ਅਲੀ ਦੀਆਂ ਗੇਂਦਾਂ ’ਤੇ ਲੁਈਸ ਨੇ ਪੰਜ ਛੱਕੇ ਲਾਏ ਤੇ ਆਪਣੀ ਟੀਮ ਨੂੰ ਪੰਜਵੇਂ ਓਵਰ ’ਚ ਜਿੱਤ ਦਿਵਾ ਦਿੱਤੀ। ਮਰਾਠਾ ਨੇ ਯਾਮਿਨ, ਸੋਮਪਾਲ, ਪ੍ਰਵੀਣ ਤਾਂਬੇ, ਸੋਹਾਗ ਗਾਜ਼ੀ ਜਿਹੇ ਗੇਂਦਬਾਜਾਂ ਦਾ ਇਸਤੇਮਾਲ ਕੀਤਾ ਪਰ ਉਹ ਲੁਈਸ ਨੂੰ ਰੋਕ ਨਾ ਸਕੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।