ਆਉਣ ਵਾਲੇ ਸਮੇਂ ’ਚ ਕੁਝ ਹੀ ਕ੍ਰਿਕਟ ਲੀਗ ਬਚੀਆਂ ਰਹਿਣਗੀਆਂ, ਬਾਕੀ ਖ਼ਤਮ ਹੋ ਜਾਣਗੀਆਂ : ਗਾਂਗੁਲੀ
Tuesday, Feb 07, 2023 - 11:26 AM (IST)
ਕੋਲਕਾਤਾ (ਭਾਸ਼ਾ)– ਭਾਰਤ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਖਿਡਾਰੀਆਂ ਦਾ ਟੀ-20 ਲੀਗ ਨੂੰ ਕੌਮਾਂਤਰੀ ਕ੍ਰਿਕਟ ’ਤੇ ਤਰਜੀਹ ਦੇਣਾ ਜ਼ਿਆਦਾ ਲੰਬੇ ਸਮੇਂ ਤਕ ਟਿਕਣ ਵਾਲਾ ਨਹੀਂ ਹੈ, ਕਿਉਂਕਿ ਭਵਿੱਖ ਵਿਚ ਆਰਥਿਕ ਤੌਰ ’ਤੇ ਮਜ਼ਬੂਤ ਕੁਝ ਹੀ ਲੀਗਾਂ ਚੱਲ ਸਕਣਗੀਆਂ। ਦੁਨੀਆ ਭਰ ਵਿਚ ਟੀ-20 ਲੀਗਾਂ ਦੀ ਵਧਦੀ ਗਿਣਤੀ ਵਿਚਾਲੇ ਹੁਣ ਖਿਡਾਰੀ ਦੇਸ਼ ਲਈ ਖੇਡਣ ’ਤੇ ਫ੍ਰੈਂਚਾਈਜ਼ੀ ਕ੍ਰਿਕਟ ਨੂੰ ਤਰਜੀਹ ਦੇਣ ਲੱਗੇ ਹਨ। ਬਿੱਗ ਬੈਸ਼ ਲੀਗ ਤੋਂ ਬਾਅਦ ਹੁਣ ਯੂ. ਏ. ਈ. ਤੇ ਦੱਖਣੀ ਅਫਰੀਕਾ ਵਿਚ ਲੀਗ ਹੋ ਰਹੀਆਂ ਹਨ। ਇਸ ਤੋਂ ਇਲਾਵਾ ਸਾਲ ਦੇ ਆਖਿਰ ਵਿਚ ਅਮਰੀਕਾ ਵਿਚ ਵੀ ਇਕ ਲੀਗ ਦੀ ਯੋਜਨਾ ਹੈ।
ਗਾਂਗੁਲੀ ਨੇ ਕਿਹਾ, ‘‘ਅਸੀਂ ਦੁਨੀਆ ਭਰ ਵਿਚ ਹੋ ਰਹੀ ਲੀਗ ਦੇ ਬਾਰੇ ਵਿਚ ਗੱਲ ਕਰਦੇ ਰਹਿੰਦੇ ਹਾਂ। ਆਈ. ਪੀ. ਐੱਲ. ਬਿਲੁਕਲ ਵੱਖਰੀ ਤਰ੍ਹਾਂ ਦੀ ਲੀਗ ਹੈ। ਆਸਟਰੇਲੀਆ ਵਿਚ ਬਿੱਗ ਬੈਸ਼ ਲੀਗ ਵੀ ਚੰਗਾ ਕਰ ਰਹੀ ਹੈ ਤੇ ਇਸੇ ਤਰ੍ਹਾਂ ਬ੍ਰਿਟੇਨ ਵਿਚ ਦਿ ਹੰਡ੍ਰੇਡ ਨੇ ਚੰਗਾ ਕੀਤਾ। ਦੱਖਣੀ ਅਫਰੀਕਾ ਲੀਗ ਵੀ ਚੰਗਾ ਕਰ ਰਹੀ ਹੈ।’’ ਉਨ੍ਹਾਂ ਕਿਹਾ,‘‘ਇਹ ਸਾਰੀਆਂ ਲੀਗ ਉਨ੍ਹਾਂ ਦੇਸ਼ਾਂ ਵਿਚ ਹੋ ਰਹੀਆਂ ਹਨ, ਜਿੱਥੇ ਕ੍ਰਿਕਟ ਪ੍ਰਸਿੱਧ ਹੈ। ਮੇਰਾ ਮੰਨਣਾ ਹੈ ਕਿ ਆਉਣ ਵਾਲੇ 4-5 ਸਾਲਾਂ ਵਿਚ ਕੁਝ ਹੀ ਲੀਗ ਬਚੀਆਂ ਰਹਿਣਗੀਆਂ ਤੇ ਮੈਨੂੰ ਪਤਾ ਹੈ ਕਿ ਉਹ ਕਿਹੜੀਆਂ ਹੋਣਗੀਆਂ।’’ ਬੀ. ਸੀ. ਸੀ.ਆਈ. ਦੇ ਸਾਬਕਾ ਮੁਖੀ ਨੇ ਕਿਹਾ, ‘‘ਫਿਲਹਾਲ ਹਰ ਖਿਡਾਰੀ ਨਵੀਂ ਲੀਗ ਨਾਲ ਜੁੜਨਾ ਚਾਹੁੰਦਾ ਹੈ ਪਰ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਹੜੀ ਮਹੱਤਵਪੂਰਨ ਹੈ। ਅਜਿਹੇ ਵਿਚ ਦੇਸ਼ ਲਈ ਖੇਡਣ ਨੂੰ ਲੀਗ ਕ੍ਰਿਕਟ ’ਤੇ ਤਰਜੀਹ ਦਿੱਤੀ ਜਾਵੇਗੀ।’’