ਗੁਜਰਾਤ ਟਾਈਟਨਸ ਦੀ 16 ਅੰਕਾਂ ਤੋਂ ਬਾਅਦ ਵੀ ਪਲੇਅ ਆਫ ’ਚ ਜਗ੍ਹਾ ਪੱਕੀ ਨਹੀਂ!

Tuesday, May 09, 2023 - 12:56 PM (IST)

ਗੁਜਰਾਤ ਟਾਈਟਨਸ ਦੀ 16 ਅੰਕਾਂ ਤੋਂ ਬਾਅਦ ਵੀ ਪਲੇਅ ਆਫ ’ਚ ਜਗ੍ਹਾ ਪੱਕੀ ਨਹੀਂ!

ਨਵੀ ਦਿੱਲੀ (ਇੰਟ.)– ਆਈ. ਪੀ. ਐੱਲ. 2023 ਵਿਚ ਪਲੇਅ ਆਫ ਦੀ ਜੰਗ ਜ਼ੋਰਦਾਰ ਤਰੀਕੇ ਨਾਲ ਚਾਲੂ ਹੈ। ਰਾਜਸਥਾਨ ਰਾਇਲਜ਼ ਦੀ ਹਾਰ ਤੇ ਗੁਜਰਾਤ ਟਾਈਟਨਸ ਦੀ ਜਿੱਤ ਨੇ ਪਲੇਅ ਆਫ ਦੇ ਸਮੀਕਰਣਾਂ ਨੂੰ ਰੋਮਾਂਚਕ ਬਣਾ ਦਿੱਤਾ ਹੈ। ਗੁਜਰਾਤ ਟਾਈਟਨਸ ਦੇ 16 ਅੰਕ ਹੋ ਚੁੱਕੇ ਹਨ ਤੇ ਉਸਦਾ ਅੱਗੇ ਪਹੁੰਚਣਾ ਲਗਭਗ ਤੈਅ ਹੈ, ਹਾਲਾਂਕਿ ਹਾਰਦਿਕ ਪੰਡਯਾ ਦੀ ਕੋਸ਼ਿਸ਼ ਹੋਵੇਗੀ ਕਿ ਟੀਮ ਬਚੇ ਹੋਏ 3 ਮੈਚਾਂ ਵਿਚ ਜਿੱਤ ਦਰਜ ਕਰਕੇ ਅੰਕ ਸੂਚੀ ਵਿਚ ਚੋਟੀ ’ਤੇ ਰਹੇ ਤਾਂ ਕਿ ਫਾਈਨਲ ਵਿਚ ਪਹੁੰਚਣ ਦਾ ਉਸਦਾ ਰਸਤਾ ਥੋੜ੍ਹਾ ਆਸਾਨ ਹੋ ਸਕੇ। ਜ਼ਿਕਰਯੋਗ ਹੈ ਕਿ ਅੰਕ ਸੂਚੀ ਵਿਚ ਚੋਟੀ ਦੀਆਂ 2 ਟੀਮਾਂ ਕੋਲ ਫਾਈਨਲ ਲਈ ਕੁਆਲੀਫਾਈ ਕਰਨ ਲਈ ਇਕ ਵਾਧੂ ਮੌਕਾ ਹੁੰਦਾ ਹੈ।

ਆਈ. ਪੀ. ਐੱਲ.-2023 ਵਿਚ ਗੁਜਰਾਤ ਟਾਈਟਨਸ ਨੇ 11 ਮੈਚਾਂ ਵਿਚੋਂ 8 ਵਿਚ ਜਿੱਤ ਦਰਜ ਕੀਤੀ ਹੈ ਤੇ ਉਸਦੇ 16 ਅੰਕ ਹੋ ਗਏ ਹਨ। 16 ਅੰਕਾਂ ਦੇ ਨਾਲ ਗੁਜਰਾਤ ਦੀ ਪਲੇਅ ਆਫ ਵਿਚ ਜਗ੍ਹਾ ਪੱਕੀ ਮੰਨੀ ਜਾ ਰਹੀ ਹੈ ਪਰ ਆਖਰੀ ਫੈਸਲਾ ਕੁਝ ਹੋਰ ਮੈਚਾਂ ਦੇ ਨਤੀਜਿਆਂ ਤੋਂ ਬਾਅਦ ਹੀ ਤੈਅ ਹੋ ਸਕੇਗਾ। ਹੁਣ ਤਕ ਸਿਰਫ 1 ਵਾਰ ਅਜਿਹਾ ਹੋਇਆ ਹੈ ਜਦੋਂ 16 ਅੰਕਾਂ ਤੋਂ ਬਾਾਅਦ ਵੀ ਆਰ. ਸੀ. ਬੀ. ਪਲੇਅ ਆਫ ਵਿਚ ਨਹੀਂ ਪਹੁੰਚ ਸਕੀ ਸੀ। ਗੁਜਰਾਤ ਨੂੰ ਅਜੇ ਤਿੰਨ ਮੈਚ ਖੇਡਣੇ ਹਨ ਤੇ ਜੇਕਰ ਤਿੰਨਾਂ ਵਿਚ ਉਸ ਨੂੰ ਹਾਰ ਮਿਲਦੀ ਹੈ ਤਾਂ ਪਲੇਅ ਆਫ ਵਿਚ ਪਹੁੰਚਣ ਵਿਚ ਉਸਦੇ ਲਈ ਮੁਸ਼ਕਿਲ ਹੋ ਸਕਦੀ ਹੈ।

ਹੋਰਨਾਂ ਟੀਮਾਂ ਦੇ ਸਮੀਕਰਣ-ਪਲੇਅ ਆਫ ਵਿਚ ਗੁਜਰਾਤ ਨੇ ਲਗਭਗ ਆਪਣਾ ਸਥਾਨ ਪੱਕਾ ਕਰ ਲਿਆ ਹੈ ਤੇ ਬਚੇ ਹੋਏ 3 ਸਥਾਨਾਂ ਲਈ ਕਾਂਟੇ ਦੀ ਟੱਕਰ ਹੈ। ਚੇਨਈ ਸੁਪਰ ਕਿੰਗਜ਼ ਦੇ 13 ਅੰਕ ਹਨ ਜਦਕਿ ਲਖਨਊ ਦੇ 11 ਤੇ ਰਾਜਸਥਾਨ ਰਾਇਲਜ਼ ਦੇ 10 ਹਨ। ਰਾਜਸਥਾਨ ਦੀ ਹਾਰ ਨੇ ਸਥਿਤੀ ਰੋਮਾਂਚਕ ਬਣਾ ਦਿੱਤੀ ਹੈ ਤੇ ਹੁਣ ਸਨਰਾਈਜ਼ਰਜ਼ ਕੋਲ ਵੀ ਆਪਣੇ ਬਚੇ ਹੋਏ ਸਾਰੇ ਮੈਚ ਜਿੱਤ ਕੇ 16 ਅੰਕ ਬਣਾਉਣ ਦਾ ਮੌਕਾ ਹੈ। ਹਾਲਾਂਕਿ ਸਨਰਾਈਜ਼ਰਜ਼ ਨੂੰ ਇਸ ਤੋਂ ਬਾਅਦ ਵੀ ਪਲੇਅ ਆਫ ਵਿਚ ਪਹੁੰਚਣ ਲਈ ਦੂਜੀਆਂ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਕਰਨਾ ਪਵੇਗਾ। ਇਸ ਤੋਂ ਇਲਾਵਾ ਮੀਂਹ ਜਾਂ ਕਿਸੇ ਹੋਰ ਵਜ੍ਹਾ ਨਾਲ ਮੈਚ ਰੱਦ ਹੁੰਦੇ ਹਨ ਤਾਂ ਵੀ ਪਲੇਅ ਆਫ ਦੀ ਰੇਸ ਰੋਮਾਂਚਕ ਹੋ ਜਾਵੇਗੀ। ਜੇਕਰ 2 ਟੀਮਾਂ ਕੋਲ ਬਰਾਬਰ ਅੰਕ ਰਹਿੰਦੇ ਹਨ ਤਾਂ ਅਜਿਹੇ ਵਿਚ ਰੈਂਕਿੰਗ ਦਾ ਫੈਸਲਾ ਨੈੱਟ ਰੇਨ ਰੇਟ ਦੇ ਆਧਾਰ ’ਤੇ ਹੋਵੇਗਾ। ਅਜਿਹੇ ਵਿਚ ਹੁਣ ਬਚੇ ਹੋਏ ਮੁਕਾਬਲਿਆਂ ਵਿਚ ਸਾਰੀਆਂ ਟੀਮਾਂ ਆਪਣੀ ਨੈੱਟ ਰਨ ਰੇਟ ਵਿਚ ਸੁਧਾਰ ਕਰਨ ਵੀ ਕੋਸ਼ਿਸ਼ ਕਰਨਗੀਆਂ।


author

cherry

Content Editor

Related News