ਮੋਰਗਨ ਨੇ ਕਿਹਾ, ਅਤੀਤ ਦੇ ਟਵੀਟ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ
Wednesday, Jun 23, 2021 - 03:27 PM (IST)

ਲੰਡਨ (ਭਾਸ਼ਾ) : ਨਸਲਵਾਦ ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਇੰਗਲੈਂਡ ਦੀ ਵਿਸ਼ਵ ਚੈਂਪੀਅਨਸ਼ਿਪ ਟੀਮ ਦੇ ਕਪਤਾਨ ਇਓਨ ਮੋਰਗਨ ਨੇ ਕਿਹਾ ਕਿ ਕਥਿਤ ਤੌਰ ’ਤੇ ਭਾਰਤੀਆਂ ਦਾ ਮਜ਼ਾਕ ਬਣਾਉਣ ਵਾਲੇ ਉਨ੍ਹਾਂ ਦੇ ਅਤੀਤ ਦੇ ਟਵੀਟ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਇੰਗਲੈਂਡ ਦਾ ਕ੍ਰਿਕਟ ਜਗਤ ਇਸ ਮਹੀਨੇ ਦੀ ਸ਼ੁਰੂਆਤ ਵਿਚ ਉਸ ਸਮੇਂ ਹੈਰਾਨ ਹੋ ਗਿਆ ਜਦੋਂ ਤੇਜ਼ ਗੇਂਦਬਾਜ਼ ਓਲੀ ਰੋਬਿਨਸਨ ਨੂੰ 2012-13 ਦੇ ਉਨ੍ਹਾਂ ਦੇ ਨਸਲਵਾਦੀ ਅਤੇ ਲਿੰਗਭੇਦ ਟਵੀਟ ਲਈ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਮੁਅੱਤਲ ਕਰ ਦਿੱਤਾ।
ਇਸ ਦੇ ਤੁਰੰਤ ਬਾਅਦ ਮੋਰਗਨ ਅਤੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਦੇ ਟਵੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਏ, ਜਿਸ ਵਿਚ ਉਹ ‘ਸਰ’ ਸ਼ਬਦ ਦਾ ਇਸਤੇਮਾਲ ਕਰਕੇ ਭਾਰਤੀਆਂ ਦਾ ਮਜ਼ਾਕ ਉਡਾ ਰਹੇ ਸਨ। ਬੁੱਧਵਾਰ ਤੋਂ ਕਾਰਡਿਫ ਵਿਚ ਸ਼੍ਰੀਲਕਾ ਖ਼ਿਲਾਫ਼ ਇੰਗਲੈਂਡ ਦੀ ਸੀਮਤ ਓਵਰਾਂ ਦੀ ਸੀਰੀਜ਼ ਤੋਂ ਪਹਿਲਾਂ ਮੋਰਗਨ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਂ ਇਨ੍ਹਾਂ ਚੀਜ਼ਾਂ ’ਤੇ ਕਾਫ਼ੀ ਧਿਆਨ ਨਹੀਂ ਦਿੱਤਾ।’ ਉਨ੍ਹਾਂ ਕਿਹਾ, ‘ਜੇਕਰ ਮੈਂ ਸੋਸ਼ਲ ਮੀਡੀਆ ਜਾਂ ਦੁਨੀਆ ਵਿਚ ਕਿਤੇ ਵੀ ਕਿਸੇ ਨੂੰ ‘ਸਰ’ ਕਹਿੰਦਾ ਹਾਂ ਤਾਂ ਇਹ ਸ਼ਲਾਘਾ ਜਾ ਸਨਮਾਨ ਦਾ ਸੰਕੇਤ ਹੈ।’ ਮੋਰਗਨ ਨੇ ਕਿਹਾ, ‘ਜੇਕਰ ਇਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਮੈਂ ਇਸ ਨੂੰ ਕੰਟਰੋਲ ਨਹੀਂ ਕਰ ਸਕਦਾ ਅਤੇ ਨਾ ਹੀ ਇਸ ਦੇ ਬਾਰੇ ਵਿਚ ਕੁੱਝ ਕਰ ਸਕਦਾ ਹਾਂ। ਇਸ ਲਈ ਮੈਂ ਇਸ ’ਤੇ ਧਿਆਨ ਨਹੀਂ ਦਿੱਤਾ।’
ਇਸ ਘਟਨਾ ਦੇ ਬਾਅਦ ਈ.ਸੀ.ਬੀ. ਨੇ ਵਾਅਦਾ ਕੀਤਾ ਸੀ ਕਿ ਪ੍ਰਾਸੰਗਿਕ ਅਤੇ ਉਚਿਤ ਕਾਰਵਾਈ ਕੀਤੀ ਜਾਏਗੀ। ਬੋਰਡ ਨੇ ਕਿਹਾ ਸੀ ਕਿ ਹਰੇਕ ਮਾਮਲੇ ਨੂੰ ਵਿਅਕਤੀਗਤ ਆਧਾਰ ’ਤੇ ਦੇਖਿਆ ਜਾਏਗਾ। ਬਟਲਰ ਦੇ ਸੰਦੇਸ਼ ਦਾ ਸਕ੍ਰੀਨਸ਼ਾਟ ਵੀ ਟਵਿੱਟਰ ’ਤੇ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ, ‘ਮੈਂ ਸਰ ਨੰਬਰ ਇਕ ਨੂੰ ਹਮੇਸ਼ਾ ਇਹੀ ਜਵਾਬ ਦਿੰਦਾ ਹਾਂ, ਮੇਰੇ ਵਰਗਾ, ਤੁਹਾਡੇ ਵਰਗਾ, ਮੇਰੇ ਵਰਗਾ।’ ਮੋਰਗਨ ਨੇ ਬਟਲਰ ਨੂੰ ਟੈਗ ਕਰਕੇ ਇਕ ਸੰਦੇਸ਼ ਵਿਚ ਲਿਖਿਆ, ‘ਸਰ ਤੁਸੀਂ ਮੇਰੇ ਪਸੰਦੀਦਾ ਬੱਲੇਬਾਜ਼ ਹੋ।’ ਕੋਲਕਾਤਾ ਨਾਈਟ ਰਾਈਡਰਸ ਦੇ ਮੁੱਖ ਕੋਚ ਬ੍ਰੇਂਡਨ ਮੈਕੁਲਮ ਵੀ ਕਥਿਤ ਤੌਰ ’ਤੇ ਬਾਅਦ ਵਿਚ ਇਸ ਸੰਵਾਦ ਨਾਲ ਜੁੜ ਗਏ। ਬਟਲਰ ਅਤੇ ਮੋਰਗਨ ਦੋਵੇਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡਦੇ ਹਨ। ਬਟਲਰ ਰਾਜਸਥਾਨ ਰਾਇਲਜ਼ ਲਈ ਖੇਡਦੇ ਹਨ, ਜਦੋਂਕਿ ਮੋਰਗਨ ਨਾਈਟ ਰਾਈਡਰਜ਼ ਦੇ ਕਪਤਾਨ ਹਨ।