WC ਟਰਾਫੀ ਲਈ ਸਾਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ : ਮੋਰਗਨ
Monday, Jul 01, 2019 - 01:33 PM (IST)

ਬਰਮਿੰਘਮ— ਭਾਰਤ 'ਤੇ ਜਿੱਤ ਨਾਲ ਉਤਸ਼ਾਹਤ ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਕਿਹਾ ਕਿ ਮੇਜ਼ਬਾਨ ਦੇਸ਼ ਪਹਿਲੀ ਵਾਰ ਵਰਲਡ ਕੱਪ ਜਿੱਤਣ ਦੇ ਦਾਅਵੇਦਾਰਾਂ 'ਚ ਬਣਿਆ ਹੋਇਆ ਹੈ ਪਰ ਇਸ ਦੇ ਲਈ ਉਸ ਨੂੰ ਬਾਕੀ ਬਚੇ ਮੈਚਾਂ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ। ਸ਼੍ਰੀਲੰਕਾ ਅਤੇ ਆਸਟਰੇਲੀਆ ਤੋਂ ਹਾਰ ਦੇ ਬਾਅਦ ਇੰਗਲੈਂਡ ਦੀ ਵਰਲਡ ਕੱਪ ਮੁਹਿੰਮ ਨੂੰ ਕਰਾਰਾ ਝਟਕਾ ਲੱਗਾ ਸੀ ਪਰ ਐਤਵਾਰ ਨੂੰ ਭਾਰਤ 'ਤੇ 31 ਦੌੜਾਂ ਨਾਲ ਜਿੱਤ ਨਾਲ ਉਸ ਨੇ ਆਪਣੀਆਂ ਉਮੀਦਾਂ ਜਗਾ ਦਿੱਤੀਆਂ ਹਨ।
ਮੋਰਗਨ ਨੇ ਮੈਚ ਦੇ ਬਾਅਦ ਪੱਤਰਕਾਰ ਸੰਮੇਲਨ 'ਚ ਕਿਹਾ, ''ਹਾਂ ਅਜਿਹਾ ਹੈ। ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਕੇ ਇਸ ਦੇ ਹੋਰ ਕਰੀਬ ਪਹੁੰਚ ਸਕਦੇ ਹਾਂ, ਇਸ ਨਾਲ ਸਾਡੇ ਮੌਕੇ ਵੱਧ ਜਾਣਗੇ।'' ਉਨ੍ਹਾਂ ਕਿਹਾ, ''ਅਸੀਂ ਅੱਜ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਖਾਸ ਕਰਕੇ ਬੱਲੇਬਾਜ਼ੀ 'ਚ ਉਹ ਲਾਜਵਾਬ ਸੀ। ਇਸ ਨਾਲ ਡਰੈਸਿੰਗ ਰੂਮ 'ਚ ਸਾਰਿਆਂ ਦੀ ਸਮਝ 'ਚ ਆ ਗਿਆ ਹੈ ਕਿ ਸਾਨੂੰ ਟੂਰਨਾਮੈਂਟ 'ਚ ਕਿਵੇਂ ਖੇਡਣਾ ਹੈ। ਇਹ ਜਿੱਤ ਅਸਲ 'ਚ ਸਹੀ ਸਮੇਂ 'ਤੇ ਅਤੇ ਬੇਹੱਦ ਮਜ਼ਬੂਤ ਟੀਮ ਦੇ ਖਿਲਾਫ ਮਿਲੀ ਹੈ ਅਤੇ ਇਸ ਲਈ ਅਸੀਂ ਖੁਸ਼ ਹਾਂ।'' ਇੰਗਲੈਂਡ ਦੇ ਹੁਣ ਅੱਠ ਮੈਚਾਂ 'ਚ 10 ਅੰਕ ਹਨ ਅਤੇ ਉਹ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਉਸ ਨੂੰ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰਨ ਲਈ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਅੰਤਿਮ ਲੀਗ ਮੈਚ 'ਚ ਹਰ ਹਾਲ 'ਚ ਜਿੱਤ ਦਰਜ ਕਰਨੀ ਹੋਵੇਗੀ।