ਯੂਰੋ ਕੱਪ : ਇੰਗਲੈਂਡ ਤੇ ਸਕਾਟਲੈਂਡ ਦਰਮਿਆਨ ਮੈਚ ਰਿਹਾ ਡਰਾਅ
Sunday, Jun 20, 2021 - 01:53 PM (IST)
ਲੰਡਨ- ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਯੂਰੋ ਕੱਪ ਵਿਚ ਗੋਲ ਕਰਨ ਲਈ ਤਰਸਦੇ ਨਜ਼ਰ ਆਏ ਜਿਸ ਕਾਰਨ ਇੰਗਲੈਂਡ ਦੀ ਟੀਮ ਨੂੰ ਸਕਾਟਲੈਂਡ ਹੱਥੋਂ ਮੈਚ ਵਿਚ ਗੋਲਰਹਿਤ ਡਰਾਅ ਨਾਲ ਸਬਰ ਕਰਨਾ ਪਿਆ ਤੇ ਘਰ ਵਿਚ ਪ੍ਰਸ਼ੰਸਕਾਂ ਦੇ ਗੁੱਸੇ ਨੂੰ ਵੀ ਸਹਿਣਾ ਪਿਆ। ਮੈਚ ਦੌਰਾਨ ਕੇਨ ਗੇਂਦ ਨੂੰ ਛੂਹਣ ਲਈ ਸੰਘਰਸ਼ ਕਰਦੇ ਨਜ਼ਰ ਆਏ ਤੇ ਇਕ ਵੀ ਗੋਲ ਨਹੀਂ ਕਰ ਸਕੇ ਜਿਸ ਕਾਰਨ ਮੈਚ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਨਿਰਾਸ਼ ਵੀ ਦੇਖਿਆ ਗਿਆ।
ਇੰਗਲੈਂਡ ਦੇ ਕੋਚ ਜੇਰੇਥ ਸਾਊਥਗੇਟ ਨੇ 74 ਮਿੰਟ ਤਕ ਉਨ੍ਹਾਂ ਨੂੰ ਮੈਦਾਨ 'ਤੇ ਰੱਖਿਆ ਪਰ ਸਕਾਟਲੈਂਡ ਦੇ ਡਿਫੈਂਸ ਨੂੰ ਤੋੜਨ ਵਿਚ ਉਹ ਕਾਮਯਾਬ ਨਹੀਂ ਹੋ ਸਕੇ। ਸਾਊਥਗੇਟ ਨੇ ਸਕਾਟਲੈਂਡ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਸ਼ਾਨਦਾਰ ਮੈਚ ਸੀ। ਸਕਾਟਲੈਂਡ ਦਾ ਡਿਫੈਂਸ ਕਾਫੀ ਚੰਗਾ ਸੀ। ਇੰਗਲੈਂਡ ਵੱਲੋਂ ਕਪਤਾਨ ਹੈਰੀ ਤੋਂ ਇਲਾਵਾ ਡਿਫੈਂਡਰ ਜਾਨ ਸਟੋਨ ਦੇ ਕੋਲ ਮੈਚ ਦੇ 11ਵੇਂ ਮਿੰਟ ਵਿਚ ਹੈਡਰ ਰਾਹੀਂ ਗੋਲ ਕਰਨ ਦਾ ਮੌਕਾ ਸੀ ਪਰ ਉਹ ਉਸ ਦਾ ਲਾਹਾ ਨਾ ਲੈ ਸਕੇ। ਇਸ ਤੋਂ ਬਾਅਦ ਮੇਸਨ ਮਾਊਂਟ ਦਾ ਵੀ ਸ਼ਾਟ ਗੋਲ ਪੋਸਟ ਤੋਂ ਬਾਹਰ ਚਲਿਆ ਗਿਆ। ਇਸ ਤੋਂ ਇਲਾਵਾ ਸਕਾਟਲੈਂਡ ਲਈ ਵੀ ਉਸ ਦੇ ਫਾਰਵਰਡ ਖਿਡਾਰੀ ਲਿੰਡਨ ਡਾਈਕਸ ਕੋਲ 63ਵੇਂ ਮਿੰਟ ਵਿਚ ਮੌਕਾ ਸੀ ਪਰ ਉਹ ਵੀ ਉਸ ਨੂੰ ਗੋਲ ਵਿਚ ਤਬਦੀਲ ਨਹੀਂ ਕਰ ਸਕੇ। ਇਸ ਤਰ੍ਹਾਂ ਅੰਤ ਤਕ ਕੋਈ ਵੀ ਖਿਡਾਰੀ ਗੋਲ ਨਹੀਂ ਕਰ ਸਕਿਆ ਤੇ ਮੈਚ ਗੋਲਰਿਹਤ ਡਰਾਅ 'ਤੇ ਖ਼ਤਮ ਹੋਇਆ।