ENGW vs INDW : ਸ਼ੇਫਾਲੀ ਨੇ ਫਿਰ ਸੰਭਾਲਿਆ ਮੋਰਚਾ
Saturday, Jun 19, 2021 - 03:29 AM (IST)
ਬ੍ਰਿਸਟਲ- ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਡੈਬਿਊ ਟੈਸਟ ਦੀਆਂ ਦੋਵੇਂ ਪਾਰੀਆਂ ਵਿਚ ਅਰਧ ਸੈਂਕੜਾ ਲਾਉਣ ਵਾਲੀ ਚੌਥੀ ਖਿਡਾਰਨ ਬਣ ਗਈ ਹੈ, ਜਿਸ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਇਕਲੌਤੇ ਟੈਸਟ ਮੈਚ ਦੇ ਤੀਜੇ ਦਿਨ ਫਾਲੋਆਨ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਚਾਹ ਦੀ ਬ੍ਰੇਕ ਤੱਕ 83 ਦੌੜਾਂ ਬਣਾ ਲਈਆਂ ਹਨ। ਪਹਿਲੀ ਪਾਰੀ ਵਿਚ 96 ਦੌੜਾਂ ਬਣਾ ਕੇ ਸੈਂਕੜੇ ਤੋਂ ਸਿਰਫ ਚਾਰ ਦੌੜਾਂ ਨਾਲ ਖੁੰਝੀ ਸ਼ੇਫਾਲੀ ਨੇ ਇਕ ਵਾਰ ਫਿਰ ਮੋਰਚਾ ਸੰਭਾਲਿਆ ਅਤੇ ਉਹ 11 ਚੌਕਿਆਂ ਨਾਲ 55 ਦੌੜਾਂ ਬਣਾ ਕੇ ਖੇਡ ਰਹੀ ਹੈ ਜਦਕਿ ਦੂਜੇ ਪਾਸੇ ਡੈਬਿਊ ਕਰ ਰਹੀ ਇਕ ਹੋਰ ਬੱਲੇਬਾਜ਼ ਦੀਪਤੀ ਸ਼ਰਮਾ 18 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹੈ। ਸ਼ੇਫਾਲੀ ਦੋਵਾਂ ਪਾਰੀਆਂ ਵਿਚ 50 ਤੋਂ ਵੱਧ ਦੌੜਾਂ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬੱਲੇਬਾਜ਼ ਵੀ ਬਣ ਗਈ ਹੈ। ਇਨ੍ਹਾਂ ਦੋਵਾਂ ਨੇ 20 ਓਵਰਾਂ ਤੱਕ ਇੰਗਲੈਂਡ ਦੀਆਂ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਲੰਚ ਤੋਂ ਬਾਅਦ ਸੈਸ਼ਨ ਵਿਚ 54 ਦੌੜਾਂ ਜੋੜੀਆਂ।
ਇਹ ਖ਼ਬਰ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਵਲੋਂ 6ਵੇਂ ਪੇਅ ਕਮਿਸ਼ਨ ਨੂੰ ਮਨਜ਼ੂਰੀ
ਲੰਚ ਤੋਂ ਬਾਅਦ ਦਾ ਸੈਸ਼ਨ ਮੀਂਹ ਕਾਰਨ 30 ਮਿੰਟ ਦੇਰ ਨਾਲ ਸ਼ੁਰੂ ਹੋਇਆ ਸੀ। ਇੰਗਲੈਂਡ ਨੇ ਦੋਵੇਂ ਸੈਸ਼ਨਾਂ ਵਿਚ ਦੋਵਾਂ ਖਿਡਾਰਨਾਂ ਨੂੰ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਦੂਜੇ ਪਾਸੇ ਸਲਾਮੀ ਬੱਲੇਬਾਜ਼ ਸ੍ਰਮਿਤੀ ਮੰਧਾਨਾ ਸਵੇਰ ਦੇ ਸੈਸ਼ਨ ਵਿਚ 8 ਦੌੜਾਂ 'ਤੇ ਆਊਟ ਹੋ ਗਈ ਸੀ। ਭਾਰਤੀ ਟੀਮ ਚਾਰ ਦਿਨ ਦੇ ਮੈਚ ਵਿਚ ਅਜੇ ਵੀ 82 ਦੌੜਾਂ ਨਾਲ ਪਿਛੜ ਰਹੀ ਹੈ ਜਦਕਿ ਉਸਦੀਆਂ 9 ਵਿਕਟਾਂ ਬਾਕੀ ਹਨ।
ਇਹ ਖ਼ਬਰ ਵੀ ਪੜ੍ਹੋ- WTC Final : ਨਿਰਾਸ਼ ਹੋਈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ, ਇਹ ਹੈ ਵਜ੍ਹਾ
ਭਾਰਤੀ ਮਹਿਲਾ ਟੀਮ ਸਵੇਰ ਦੇ ਸੈਸ਼ਨ ਵਿਚ ਪਹਿਲੀ ਪਾਰੀ ਵਿਚ 231 ਦੌੜਾਂ 'ਤੇ ਢੇਰ ਹੋ ਗਈ ਸੀ। ਇੰਗਲੈਂਡ ਨੇ ਪਹਿਲੀ ਪਾਰੀ 9 ਵਿਕਟਾਂ 'ਤੇ 396 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ ਅਤੇ ਭਾਰਤ ਉਸ ਤੋਂ 165 ਦੌੜਾਂ ਨਾਲ ਪਿਛੜ ਰਹੀ ਸੀ, ਜਿਸ ਨਾਲ ਮੇਜ਼ਬਾਨਾਂ ਨੇ ਉਸ ਨੂੰ ਫਾਲੋਆਨ ਦਿੱਤਾ। ਵੀਰਵਾਰ ਨੂੰ ਦੂਜੇ ਦਿਨ 17 ਸਾਲਾ ਸ਼ੇਫਾਲੀ ਤੇ ਮੰਧਾਨ (78) ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਸੀ ਪਰ ਉਸ ਨੇ ਇਸ ਤੋਂ ਬਾਅਦ ਜਲਦੀ-ਜਲਦੀ 5 ਵਿਕਟਾਂ ਗੁਆ ਦਿੱਤੀਆਂ ਸਨ। ਭਾਰਤ ਨੇ ਸ਼ੁੱਕਰਵਾਰ ਨੂੰ 5 ਵਿਕਟਾਂ 'ਤੇ 187 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।