ਇੰਗਲੈਂਡ ਮਹਿਲਾ ਟੀਮ ਨੇ ਤੀਜੇ ਵਨ ਡੇ ''ਚ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ

Thursday, Feb 28, 2019 - 10:30 PM (IST)

ਮੁੰਬਈ- ਇੰਗਲੈਂਡ ਦੀ ਮਹਿਲਾ ਟੀਮ ਨੇ ਵੀਰਵਾਰ ਨੂੰ ਮੁਸ਼ਕਿਲ ਸਥਿਤੀ ਤੋਂ ਉਭਰਦੇ ਹੋਏ ਤੀਜੇ ਤੇ ਆਖਰੀ ਵਨ ਡੇ ਵਿਚ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਨਾਲ ਉਸ ਨੇ ਮੇਜ਼ਬਾਨ ਭਾਰਤ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿਚ ਕਲੀਨ ਸਵੀਪ ਕਰਨ ਤੋਂ ਰੋਕ ਦਿੱਤਾ। ਭਾਰਤ ਦੀਆਂ 8 ਵਿਕਟਾਂ 'ਤੇ 205 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 49 ਦੌੜਾਂ 'ਤੇ 5 ਵਿਕਟਾਂ ਗੁਆ ਕੇ ਜੂਝ ਰਹੀ ਸੀ, ਜਿਸ ਤੋਂ ਬਾਅਦ ਆਲਰਾਊਂਡਰ ਡਾਨੀ ਵਾਟ (82 ਗੇਂਦਾਂ ਵਿਚ 56 ਦੌੜਾਂ) ਨੇ ਕਪਤਾਨ ਹੀਥਰ ਨਾਈਟ (63 ਗੇਂਦਾਂ ਵਿਚ 47 ਦੌੜਾਂ) ਤੇ ਜਾਰਜੀਆ ਐਲਵਿਸ (53 ਗੇਂਦਾਂ ਵਿਚ ਅਜੇਤੂ 33 ਦੌੜਾਂ) ਦੇ ਨਾਲ ਦੋ ਅਹਿਮ ਸਾਂਝੇਦਾਰੀਆਂ ਕਰ ਕੇ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਇੰਗਲੈਂਡ ਨੇ 48.5 ਓਵਰਾਂ ਵਿਚ 8 ਵਿਕਟਾਂ 'ਤੇ 208 ਦੌੜਾਂ ਬਣਾ ਕੇ ਦੋ ਹਾਸਲ ਕੀਤੇ ਜਦਕਿ ਇਹ ਤਿੰਨ ਮੈਚਾਂ ਦੀ ਸੀਰੀਜ਼ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹੈ। 

PunjabKesari
ਵਿਸ਼ਵ ਚੈਂਪੀਅਨ ਟੀਮ ਸੱਤਵੇਂ ਸਥਾਨ 'ਤੇ ਕਾਬਜ਼ ਹੈ ਤੇ ਉਸ ਨੂੰ 2021ਵਿਸ਼ਵ ਕੱਪ ਵਿਚ ਸਿੱਧੇ ਕੁਆਲੀਫਾਈ ਕਰਨ ਲਈ ਟਾਪ-4 ਵਿਚ ਰਹਿਣ ਦੀ ਲੋੜ ਹੈ। ਭਾਰਤੀ ਟੀਮ ਪਹਿਲੇ ਦੋ ਮੈਚਾਂ ਵਿਚ ਜਿੱਤ ਦਰਜ ਕਰ ਕੇ ਪਹਿਲਾਂ ਹੀ ਲੜੀ ਆਪਣੇ ਨਾਂ ਕਰ ਚੁੱਕੀ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (41 ਦੌੜਾਂ ਦੇ ਕੇ 3 ਵਿਕਟਾਂ) ਨੇ ਇਸ ਟੀਚੇ ਦਾ ਬਚਾਅ ਕਰਦੇ ਹੋਏ ਐਮੀ ਜੋਂਸ (13), ਲਾਰੇਨ ਵਿਨਫੀਲਡ (2) ਤੇ ਤਮਸਿਨ ਬਿਊਮੋਂਟ (21) ਦੀਆਂ ਵਿਕਟਾਂ ਲੈ ਕੇ ਇੰਗਲੈਂਡ ਦੇ ਚੋਟੀ ਦੇ ਕ੍ਰਮ ਨੂੰ ਢਹਿ-ਢੇਰੀ ਕਰ ਦਿੱਤਾ। ਜਲਦ ਹੀ ਉਸਦਾ ਸਕੋਰ ਚਾਰ ਵਿਕਟਾਂ 'ਤੇ 40 ਦੌੜਾਂ ਹੋ ਗਿਆ, ਜਦਕਿ ਆਫ ਸਪਿਨਰ ਦੀਪਤੀ ਸ਼ਰਮਾ ਨੇ ਫਾਰਮ ਵਿਚ ਚੱਲ ਰਹੀ ਨਤਾਲੀ ਸ਼ਾਈਵਰ (1) ਨੂੰ ਆਊਟ ਕੀਤਾ। ਇਸ ਤੋਂ ਬਾਅਦ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਨੇ ਸਾਰਾ ਟੇਲਰ (2) ਦੀ ਵਿਕਟ ਹਾਸਲ ਕੀਤੀ, ਜਿਸ ਨਾਲ ਇੰਗਲੈਂਡ ਨੇ 49 ਦੌੜਾਂ 'ਤੇ ਆਪਣੀ ਅੱਧੀ ਟੀਮ ਗੁਆ ਦਿੱਤੀ ਪਰ ਫਿਰ ਵਾਟ ਤੇ ਨਾਈਟ ਨੇ ਛੇਵੀਂ ਵਿਕਟ ਲਈ 69 ਦੌੜਾਂ ਦੀ ਅਹਿਮ ਸਾਂਝੇਦਾਰੀ ਨਿਭਾਈ। ਨਾਈਟ ਦੇ ਆਊਟ ਹੋਣ ਤੋਂ ਬਾਅਦ ਵਾਟ ਨੇ 7ਵੀਂ ਵਿਕਟ ਲਈ ਐਲਵਿਸ ਦੇ ਨਾਲ 56 ਦੌੜਾਂ ਦੀ ਹਿੱਸੇਦਾਰੀ ਕੀਤੀ ਤੇ ਟੀਮ ਨੂੰ ਟੀਚੇ ਦੇ ਨੇੜੇ ਪਹੁੰਚਾਇਆ। ਐਲਵਿਸ ਤੇ ਆਨਯਾ ਸ਼੍ਰਬਸੋਲ (ਅਜੇਤੂ 4) ਨੇ ਫਿਰ ਸਬਰ ਨਾਲ ਖੇਡਦੇ ਹੋਏ ਇੰਗਲੈਂਡ ਨੂੰ ਜਿੱਤ ਦਿਵਾਈ।

PunjabKesari
ਇਸ ਤੋਂ ਪਹਿਲਾਂ ਗੇਂਦਬਾਜ਼ੀ ਕੈਥਰਨ ਬ੍ਰੰਟ ਦੀਆਂ 5 ਵਿਕਟਾਂ ਨਾਲ ਭਾਰਤ ਟੀਮ ਉਪ ਕਪਤਾਨ ਸਮ੍ਰਿਤੀ ਮੰਧਾਨਾ ਤੇ ਪੂਨਮ ਰਾਓਤ ਵਲੋਂ ਰੱਖੀ ਗਈ ਚੰਗੀ ਨੀਂਹ ਦਾ ਫਾਇਦਾ ਨਹੀਂ ਚੁੱਕ ਸਕੀ ਤੇ 8 ਵਿਕਟਾਂ 'ਤੇ 205 ਦੌੜਾਂ ਹੀ ਬਣਾ ਸਕੀ।  33 ਸਾਲ ਦੀ ਬ੍ਰੰਟ ਨੇ 28 ਦੌੜਾਂ ਦੇ ਕੇ 5 ਵਿਕਟਾਂ ਆਪਣੇ ਨਾਂ ਕੀਤੀਆਂ ਤੇ ਭਾਰਤੀ ਟੀਮ ਦੇ ਮੱਧਕ੍ਰਮ ਨੂੰ ਨੁਕਸਾਨ ਪਹੁੰਚਾਇਆ। ਇਸ ਨਾਲ ਮੇਜ਼ਬਾਨ ਟੀਮ ਦਾ ਸਕੋਰ ਇਕ ਵਿਕਟ 'ਤੇ 129 ਦੌੜਾਂ ਤੋਂ 7 ਵਿਕਟਾਂ 'ਤੇ 150 ਦੌੜਾਂ ਹੋ ਗਿਆ ਤੇ ਟੀਮ ਇਸ ਤੋਂ ਉਭਰਨ ਵਿਚ ਅਸਫਲ ਰਹੀ।
ਹਾਲਾਂਕਿ ਦੀਪਤੀ ਸ਼ਰਮਾ (ਅਜੇਤੂ 27 ਦੌੜਾਂ) ਤੇ ਸ਼ਿਖਾ ਪਾਂਡੇ (26) ਨੇ 8ਵੀਂ ਵਿਕਟ ਲਈ 47 ਦੌੜਾਂ ਦੀ ਹਿੱਸੇਦਾਰੀ ਕਰ ਕੇ ਤੈਅ ਕੀਤਾ ਕਿ ਭਾਰਤੀ ਟੀਮ 200 ਦੌੜਾਂ ਦਾ ਅੰਕੜਾ ਪਾਰ ਕਰ ਲਵੇ। ਬੱਲੇਬਾਜ਼ੀ ਦਾ ਫੈਸਲਾ ਕਰਨ ਤੋਂ ਬਾਅਦ ਮੇਜ਼ਬਾਨ ਟੀਮ ਨੇ ਜੇਮਿਮਾ ਰੋਡ੍ਰਿਗੇਜ਼ (0) ਦੀ ਵਿਕਟ ਗੁਆ ਦਿੱਤੀ ਪਰ ਮੰਧਾਨਾ (74 ਗੇਂਦਾਂ 'ਤੇ 66 ਦੌੜਾਂ) ਤੇ ਪੂਨਮ ਯਾਦਵ (97 ਗੇਂਦਾਂ ਵਿਚ 56 ਦੌੜਾਂ) ਨੇ ਦੂਜੀ ਵਿਕਟ ਲਈ 129 ਦੌੜਾਂ ਦੀ ਹਿੱਸੇਦਾਰੀ ਨਿਭਾਈ। ਇਹ ਦੋਵੇਂ ਪਹਿਲਾਂ ਚੌਕਸੀ ਨਾਲ ਖੇਡੀਆਂ ਤੇ ਫਿਰ ਇਨ੍ਹਾਂ ਨੇ ਲੂਜ਼ ਗੇਂਦਾਂ ਨੂੰ ਕੁੱਟਣਾ ਸ਼ੁਰੂ ਕੀਤਾ ਪਰ ਬੰ੍ਰਟ ਨੇ 29ਵੇਂ ਓਵਰ ਵਿਚ ਮੰਧਾਨਾ ਤੇ ਪੂਨਮ ਦੋਵਾਂ ਨੂੰ ਆਊਟ ਕਰ ਕੇ ਇੰਗਲੈਂਡ ਨੂੰ ਵਾਪਸੀ ਕਰਵਾਈ। ਇਸ ਤੋਂ ਬਾਅਦ ਉਸ ਨੇ ਮੋਨਾ ਮੇਸ਼ਰਾਮ (0) ਤੇ ਫਿਰ ਮਿਤਾਲੀ ਰਾਜ (7) ਨੂੰ ਆਊਟ ਕੀਤਾ। ਫਿਰ ਤਾਨੀਆ ਭਾਟੀਆ (0) ਤੇ ਝੂਲਨ ਗੋਸਵਾਮੀ (1) ਵੀ ਸਸਤੇ ਵਿਚ ਆਊਟ ਹੋ ਗਈਆਂ। ਦੋਵੇਂ ਟੀਮਾਂ ਹੁਣ 3 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਖੇਡਣ ਲਈ ਗੁਹਾਟੀ ਰਵਾਨਾ ਹੋਣਗੀਆਂ।


Gurdeep Singh

Content Editor

Related News