ENG vs PAK : ਕ੍ਰਾਓਲੀ ਦੇ ਵੱਡੇ ਸੈਂਕੜੇ ਨਾਲ ਪਹਿਲਾ ਦਿਨ ਰਿਹਾ ਇੰਗਲੈਂਡ ਦੇ ਨਾਂ
Saturday, Aug 22, 2020 - 03:44 AM (IST)
ਸਾਊਥੰਪਟਨ– ਨੌਜਵਾਨ ਬੱਲੇਬਾਜ਼ ਜੈਕ ਕ੍ਰਾਓਲੀ ਦੇ ਵੱਡੇ ਸੈਂਕੜੇ ਤੇ ਜੋਸ ਬਟਲਰ ਨਾਲ ਉਸਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਇੰਗਲੈਂਡ ਨੇ ਪਾਕਿਸਤਾਨ ਵਿਰੁੱਧ ਤੀਜੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਇੱਥੇ ਆਪਣੀ ਪਹਿਲੀ ਪਾਰੀ ਵਿਚ 4 ਵਿਕਟਾਂ 'ਤੇ 332 ਦੌੜਾਂ ਬਣਾ ਕੇ ਆਪਣੇ ਨਾਂ ਕਰ ਲਿਆ। 22 ਸਾਲਾ ਕ੍ਰਾਓਲੀ ਨੇ 5ਵੇਂ ਓਵਰ ਵਿਚ ਕ੍ਰੀਜ਼ 'ਤੇ ਕਦਮ ਰੱਖਇਆ ਸੀ ਤੇ ਇਸ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕਰਕੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਲਾਇਆ। ਉਹ ਅਜੇ 171 ਦੌੜਾਂ ਬਣਾ ਕੇ ਖੇਡ ਰਿਹਾ ਹੈ। ਉਸ ਨੇ ਬਟਲਰ (ਅਜੇਤੂ 87) ਦੇ ਨਾਲ 5ਵੀਂ ਵਿਕਟ ਲਈ 205 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਹੈ। ਕ੍ਰਾਓਲੀ ਤੇ ਬਟਲਰ ਨੇ ਅਜਿਹੇ ਸਮੇਂ ਵਿਚ ਜ਼ਿੰਮੇਵਾਰੀ ਸੰਭਾਲੀ ਜਦੋਂ ਇੰਗਲੈਂਡ ਦਾ ਸਕੋਰ 4 ਵਿਕਟਾਂ 'ਤੇ 127 ਦੌੜਾਂ ਸੀ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੇ ਇੰਗਲੈਂਡ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਰੋਰੀ ਬਰਨਸ (6) ਤੇ ਡਾਮ ਸਿਬਲੀ (22) ਦੀਆਂ ਵਿਕਟਾਂ ਪਹਿਲੇ ਸੈਸ਼ਨ ਵਿਚ ਗੁਆ ਦਿੱਤੀਆਂ। ਕਪਤਾਨ ਜੋ ਰੂਟ (29) ਤੇ ਓਲੀ ਪੋਪ (3) ਦੂਜੇ ਸੈਸ਼ਨ ਵਿਚ ਪੈਵੇਲੀਅਨ ਪਰਤੇ। ਹਾਲਾਂਕਿ ਪਾਕਿਸਤਾਨ ਦੇ ਗੇਂਦਬਾਜ਼ ਤੀਜੇ ਸੈਸ਼ਨ ਵਿਚ ਵਿਕਟ ਲਈ ਤਰਸਦੇ ਰਹੇ। ਉਨ੍ਹਾਂ ਨੇ 80 ਓਵਰਾਂ ਤੋਂ ਤੁਰੰਤ ਬਾਅਦ ਨਵੀਂ ਗੇਂਦ ਵੀ ਲਈ ਪਰ ਇਸ ਨਾਲ ਕ੍ਰਾਓਲੀ ਤੇ ਬਟਲਰ ਦੀ ਇਕਾਗਰਤਾ 'ਤੇ ਕੋਈ ਅਸਰ ਨਹੀਂ ਪਿਆ। ਪਾਕਿਸਤਾਨ ਵਲੋਂ ਯਾਸਿਰ ਸ਼ਾਹ ਨੇ 2 ਜਦਕਿ ਸ਼ਾਹੀਨ ਸ਼ਾਹ ਅਫਰੀਦੀ ਤੇ ਨਸੀਮ ਸ਼ਾਹ ਨੇ ਇਕ-ਇਕ ਵਿਕਟ ਹਾਸਲ ਕੀਤੀ ।
ਆਪਣਾ 8ਵਾਂ ਟੈਸਟ ਮੈਚ ਖੇਡ ਰਹੇ ਕ੍ਰਾਓਲੀ ਦਾ ਪਿਛਲਾ ਸਰਵਸ੍ਰੇਸ਼ਠ ਸਕੋਰ 76 ਦੌੜਾਂ ਸੀ, ਜਿਹੜਾ ਉਸ ਨੇ ਪਿਛਲੇ ਮਹੀਨੇ ਇਸੇ ਮੈਦਾਨ 'ਤੇ ਵੈਸਟਇੰਡੀਜ਼ ਵਿਰੁੱਧ ਬਣਾਇਆ ਸੀ।ਉਸ ਨੇ ਚਾਹ ਦੀ ਬ੍ਰੇਕ ਤੋਂ ਬਾਅਦ 97 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਤੇ ਜਲਦ ਹੀ ਆਪਣਾ ਪਹਿਲਾ ਟੈਸਟ ਸੈਂਕੜਾ ਪੂਰਾ ਕੀਤਾ। ਉਸਨੇ ਹੁਣ ਤਕ ਆਪਣੀ ਪਾਰੀ ਵਿਚ 19 ਚੌਕੇ ਲਾਏ ਹਨ।ਪਹਿਲੇ ਟੈਸਟ ਵਿਚ ਇੰਗਲੈਂਡ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਟਲਰ ਨੇ ਉਸਦਾ ਚੰਗਾ ਸਾਥ ਦਿੱਤਾ। ਇਸ ਵਿਕਟਕੀਪਰ-ਬੱਲੇਬਾਜ਼ ਦੀ ਪਾਰੀ ਵਿਚ 9 ਚੌਕੇ ਤੇ 2 ਛੱਕੇ ਸ਼ਾਮਲ ਹਨ। ਇੰਗਲੈਂਡ 3 ਮੈਚਾਂ ਦੀ ਲੜੀ ਵਿਚ ਅਜੇ 1-0 ਨਾਲ ਅੱਗੇ ਚੱਲ ਰਿਹਾ ਹੈ। ਉਸ ਨੇ ਆਲਰਾਊਂਡਰ ਸੈਮ ਕਿਊਰੇਨ ਦੀ ਜਗ੍ਹਾ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਆਖਰੀ-11 ਵਿਚ ਰੱਖਿਆ ਹੈ। ਪਾਕਿਸਤਾਨ ਨੇ ਆਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।