ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਿਆ ‘ਸਿੱਖ ਹੀਰੋ ਅਵਾਰਡ-2026’
Saturday, May 23, 2026 - 06:08 AM (IST)
ਜਲੰਧਰ (ਮਹੇਸ਼) : ਅਮਰੀਕਾ ਦੀ ਪ੍ਰਮੁੱਖ ਸੰਸਥਾ ‘ਸਿੱਖਸ ਫਾਰ ਅਮਰੀਕਾ’ ਵੱਲੋਂ ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ‘ਸਿੱਖ ਹੀਰੋ ਅਵਾਰਡ-2026’ ਦੇ ਕੇ ਸਨਮਾਨਤ ਕੀਤਾ ਗਿਆ ਹੈ। ਯੂ.ਕੇ. ਵਿੱਚ ਤਿੰਨ ਵਾਰ ਸੰਸਦ ਮੈਂਬਰ ਅਤੇ ਇਸ ਤੋਂ ਪਹਿਲਾਂ ਗ੍ਰੇਵਸ਼ੈਮ ਸ਼ਹਿਰ ਦੇ ਮੇਅਰ ਰਹਿ ਚੁੱਕੇ ਤਨਮਨਜੀਤ ਸਿੰਘ ਢੇਸੀ ਨੇ ਇਹ ਅਵਾਰਡ ਮਿਲਣ ’ਤੇ ਆਪਣੇ ਸੰਦੇਸ਼ ਰਾਹੀਂ ‘ਸਿੱਖਸ ਫਾਰ ਅਮਰੀਕਾ’ ਸੰਸਥਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟ ਕੀਤਾ ਹੈ, ਜਿਨ੍ਹਾਂ ਨੇ ਆਪਣੇ ਸਾਲਾਨਾ ਵਿਸਾਖੀ ਨੂੰ ਸਮਰਪਿਤ ਸਮਾਗਮ ਵਿੱਚ ਉਨ੍ਹਾਂ ਨੂੰ ਅਥਾਹ ਪਿਆਰ ਦਿੱਤਾ।
ਢੇਸੀ ਨੇ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਪ੍ਰਮਾਤਮਾ ਸਭ ਨੂੰ ਹੋਰ ਤਰੱਕੀ, ਬਰਕਤ ਅਤੇ ਖ਼ੁਸ਼ੀ ਬਖ਼ਸ਼ੇ। ਸਮਾਗਮ ਦੌਰਾਨ ਸੰਸਥਾ ਨੇ ਢੇਸੀ ਦੇ ਇੰਗਲੈਂਡ ਦੇ ਸਿਆਸੀ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਤਨਮਨਜੀਤ ਸਿੰਘ ਢੇਸੀ ਨੇ ਵਿਦੇਸ਼ ਦੀ ਧਰਤੀ ’ਤੇ ਬਹੁਤ ਛੋਟੀ ਉਮਰ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਸ ਲਈ ਉਨ੍ਹਾਂ ਦਾ ਪੂਰਾ ਢੇਸੀ ਪਰਿਵਾਰ ਵਧਾਈ ਦਾ ਪਾਤਰ ਹੈ। ਢੇਸੀ ਵੱਲੋਂ ਬ੍ਰਿਟੇਨ ਦੀ ਸੰਸਦ ਵਿੱਚ ਅਹਿਮ ਅਤੇ ਗੰਭੀਰ ਮੁੱਦਿਆਂ ਨੂੰ ਬੜੀ ਬੇਬਾਕੀ ਨਾਲ ਉਠਾਇਆ ਜਾਂਦਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੁੰਦੀ ਹੈ।
ਇੰਗਲੈਂਡ ਵਿੱਚ ਸਿਆਸੀ ਰੁਝੇਵਿਆਂ ਕਾਰਨ ਢੇਸੀ ਖ਼ੁਦ ਅਮਰੀਕਾ ਨਹੀਂ ਪਹੁੰਚ ਸਕੇ, ਜਿਸ ਕਰਕੇ ਉਨ੍ਹਾਂ ਦੀ ਤਰਫ਼ੋਂ ਇਹ ਅਵਾਰਡ ਬਲਦੇਵ ਸਿੰਘ ਕੰਗ ਨੇ ਪ੍ਰਾਪਤ ਕੀਤਾ। ਇਸ ਵੱਕਾਰੀ ਸਮਾਗਮ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
Related News
14 ਸਾਲ ਦੀ ਸਜ਼ਾ ਵੀ ਨਾ ਸੁਧਾਰ ਸਕੀ ਹਰਪਾਲ ਸਿੰਘ ਨੂੰ, ਜੇਲ੍ਹ ''ਚੋਂ ਆਉਂਦਿਆਂ ਹੀ ਹੈਰੋਇਨ ਤਸਕਰੀ ''ਚ ਫਿਰ ਗ੍ਰਿਫ਼ਤਾਰ
