7 ਸਾਲ ਬਾਅਦ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ’ਚ ਵਾਪਸੀ ਕਰੇਗੀ ਭਾਰਤੀ ਮਹਿਲਾ ਟੀਮ

Wednesday, Jun 16, 2021 - 11:28 AM (IST)

7 ਸਾਲ ਬਾਅਦ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ’ਚ ਵਾਪਸੀ ਕਰੇਗੀ ਭਾਰਤੀ ਮਹਿਲਾ ਟੀਮ

ਬ੍ਰਿਸਟਲ (ਭਾਸ਼ਾ)– ਤਿਆਰੀ ਲਈ ਵਧੇਰੇ ਸਮਾਂ ਨਾ ਮਿਲ ਸਕਣ ਦੇ ਬਾਵਜੂਦ ਇੰਗਲੈਂਡ ਵਿਚ ਚੰਗੇ ਰਿਕਾਰਡ ਤੇ ਹਾਂ-ਪੱਖੀ ਮਾਨਸਿਕਤਾ ਦੇ ਨਾਲ ਭਾਰਤੀ ਮਹਿਲਾ ਟੀਮ ਬੁੱਧਵਾਰ ਤੋਂ ਮੇਜ਼ਬਾਨ ਵਿਰੁੱਧ ਟੈਸਟ ਖੇਡਣ ਉੱਤਰੇਗੀ, ਜਿਹੜੀ ਰਿਵਾਇਤੀ ਰੂਪ ਨਾਲ 7 ਸਾਲ ਬਾਅਦ ਉਸ ਦੀ ਵਾਪਸੀ ਹੋਵੇਗੀ। ਭਾਰਤ ਤੇ ਬ੍ਰਿਟੇਨ ਵਿਚ ਇਕਾਂਤਵਾਸ ਤੋਂ ਬਾਅਦ ਮਿਤਾਲੀ ਰਾਜ ਦੀ ਕਪਤਾਨੀ ਵਾਲੀ ਟੀਮ ਨੂੰ ਅਭਿਆਸ ਲਈ ਬਹੁਤ ਮੁਸ਼ਕਲ ਨਾਲ ਇਕ ਹਫ਼ਤਾ ਮਿਲਿਆ, ਜਦਕਿ ਟੀਮ ਨਵੰਬਰ 2014 ਤੋਂ ਬਾਅਦ ਪਹਿਲਾ ਟੈਸਟ ਖੇਡ ਰਹੀ ਹੈ। ਮਿਤਾਲੀ ਉਨ੍ਹਾਂ 7 ਮੌਜੂਦਾ ਖਿਡਾਰਨਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੇ ਮੈਸੂਰ ਵਿਚ ਦੱਖਣੀ ਅਫਰੀਕਾ ਨੂੰ ਉਸ ਮੈਚ ਵਿਚ ਹਰਾਇਆ ਸੀ। ਮਿਤਾਲੀ, ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਤੇ ਝੂਲਨ ਗੋਸਵਾਮੀ ਵਰਗੀਆਂ ਤਜ਼ਰਬੇਕਾਰ ਖਿਡਾਰਨਾਂ ਨੇ ਵੀ ਹਾਲ ਹੀ ਵਿਚ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ, ਲਿਹਾਜਾ ਨੌਜਵਾਨ ਖਿਡਾਰਨਾਂ ਲਈ ਤਾਂ ਚੁਣੌਤੀ ਹੋਰ ਵੀ ਮੁਸ਼ਕਲ ਹੋਵੇਗੀ, ਜਿਨ੍ਹਾਂ ਨੂੰ ਘਰੇਲੂ ਕ੍ਰਿਕਟ ਵਿਚ ਪਹਿਲੀ ਸ਼੍ਰੇਣੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।

ਪੁਰਸ਼ ਟੀਮ ਨੇ ਸਾਊਥੰਪਟਨ ਪਹੁੰਚਣ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਤਿਆਰੀ ਲਈ ਆਪਸ ਵਿਚ ਹੀ ਅਭਿਆਸ ਮੈਚ ਖੇਡਿਆ ਪਰ ਮਹਿਲਾ ਟੀਮ ਨੈੱਟ ’ਤੇ ਹੀ ਅਭਿਆਸ ਕਰ ਸਕੀ, ਜਿਸ ਨਾਲ ਚਾਰ ਦਿਨਾਂ ਮੈਚ ਲਈ ਉਸਦੀ ਤਿਆਰੀ ਪੁਖ਼ਤਾ ਨਹੀਂ ਕਹੀ ਜਾਵੇਗੀ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ, ‘‘ਖਿਡਾਰਨਾਂ ਫਾਰਮ ਵਿਚ ਹਨ ਤੇ ਫਿੱਟ ਹਨ ਪਰ ਮੈਚ ਅਭਿਆਸ ਦਾ ਕੋਈ ਬਦਲ ਨਹੀਂ ਸੀ। ਵਨ ਡੇ ਮੈਚ ਹੋਵੇ ਜਾਂ ਚਾਰ ਦਿਨਾ, ਨੈੱਟ ’ਤੇ ਅਭਿਆਸ ਆਮ ਹੀ ਹੁੰਦਾ ਹੈ।’’

ਇਹ ਵੀ ਪੜ੍ਹੋ: ਪੁਜਾਰਾ ਨੇ ਉਸ ਦੀ ਆਲੋਚਨਾ ਕਰਨ ਵਾਲਿਆਂ ਤੋਂ ਵੱਧ ਯੋਗਦਾਨ ਦਿੱਤੈ : ਸਚਿਨ ਤੇਂਦੁਲਕਰ

ਉਸ ਨੇ ਕਿਹਾ,‘‘ਕਿਉਂਕਿ ਇਹ ਚਾਰ ਦਿਨਾ ਮੈਚ ਹੈ ਤਾਂ ਸਮਾਂ ਹੀ ਦੱਸੇਗਾ ਕਿ ਉਹ ਲੰਬੇ ਸਮੇਂ ਤਕ ਮੈਦਾਨ ’ਤੇ ਰਹਿਣ ਜਾਂ ਲੰਬੇ ਸਪੈੱਲ ਸੁੱਟਣ ਵਿਚ ਸਮਰੱਥ ਹਨ ਜਾਂ ਨਹੀਂ। ਅਭਿਆਸ ਮੈਚ ਖੇਡਦੇ ਹਨ ਤਾਂ ਦਬਾਅ ਰਹਿੰਦਾ ਹੈ ਪਰ ਨੈੱਟ ’ਤੇ ਉਹ ਦਬਾਅ ਨਹੀਂ ਰਹਿੰਦਾ।’’ ਹਰਮਨਪ੍ਰੀਤ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਅਭਿਆਸ ਲਈ ਸਮਾਂ ਨਹੀਂ ਮਿਲ ਸਕਿਆ ਪਰ ਉਸ ਨੇ ਕਿਹਾ ਕਿ ਟੀਮ ਮਾਨਸਿਕ ਤੌਰ ਨਾਲ ਤਿਆਰ ਹੈ। ਭਾਰਤੀ ਖਿਡਾਰਨਾਂ ਨੂੰ ਪੁਰਸ਼ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਤੋਂ ਉਪਯੋਗੀ ਸਲਾਹ ਵੀ ਮਿਲੀ ਹੈ। ਪੂਰੀ ਸੰਭਾਵਨਾ ਹੈ ਕਿ 17 ਸਾਲਾ ਸ਼ੈਫਾਲੀ ਵਰਮਾ ਇਸ ਮੈਚ ਵਿਚ ਮੰਧਾਨਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰੇਗੀ। ਤਜ਼ਰਬੇਕਾਰ ਮਿਤਾਲੀ, ਹਰਮਨਪ੍ਰੀਤ ਤੇ ਪੂਨਮ ਰਾਊਤ ’ਤੇ ਦੌੜਾਂ ਬਣਾਉਣ ਦਾ ਦਾਰੋਮਦਾਰ ਹੋਵੇਗਾ।

ਰਾਹਤ ਦੀ ਗੱਲ ਇਹ ਹੈ ਕਿ ਇੰਗਲੈਂਡ ਨੇ ਡਿਊਕ ਦੀ ਬਜਾਏ ਕੂਕਾਬੂਰਾ ਗੇਂਦ ਚੁਣੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲੰਬੇ ਸਮੇਂ ਤੋਂ ਰਿਵਾਇਤੀ ਸਵਰੂਪ ਨਾ ਖੇਡ ਸਕੀਆਂ ਝੂਲਨ ਤੇ ਸ਼ਿਖਾ ਪਾਂਡੇ ਲੰਬੇ ਸਪੈੱਲ ਸੁੱਟ ਸਕਦੀਆਂ ਹਨ ਜਾਂ ਨਹੀਂ। ਦੱਖਣੀ ਅਫਰੀਕਾ ਵਿਰੁੱਧ ਸੀਮਤ ਓਵਰਾਂ ਦੀ ਘਰੇਲੂ ਲੜੀ ਵਿਚ ਫਲਾਪ ਰਹੀਆਂ ਸਪਿਨਰਾਂ ਵੀ ਆਪਣਾ ਪ੍ਰਦਰਸ਼ਨ ਸੁਧਾਰਨਾ ਚਾਹੁਣਗੀਆਂ। ਭਾਰਤ ਨੇ ਇੰਗਲੈਂਡ ਵਿਚ 8 ਮੈਚ ਖੇਡ ਕੇ ਦੋ ਜਿੱਤੇ ਹਨ ਤੇ ਇਕ ਵੀ ਨਹੀਂ ਗੁਆਇਆ। ਇੰਗਲੈਂਡ ਦੀ ਸਟਾਰ ਆਲਰਾਊਂਡਰ ਤੇ ਉਪ ਕਪਤਾਨ ਨੇਟ ਸਿਕਵੇਰ ਉਨ੍ਹਾਂ ਛੇ ਖਿਡਾਰਨਾਂ ਵਿਚੋਂ ਹੈ ਜਿਸ ਨੇ ਅਗਸਤ 2014 ਵਿਚ ਭਾਰਤ ਵਿਰੁੱਧ ਆਖਰੀ ਟੈਸਟ ਮੈਚ ਖੇਡਿਆ ਸੀ। ਭਾਰਤ ਨੇ ਵੋਰਮਸਲੇ ਵਿਚ ਖੇਡਿਆ ਗਿਆ ਇਹ ਮੈਚ ਛੇ ਵਿਕਟਾਂ ਨਾਲ ਜਿੱਤਿਆ ਸੀ।

ਇਹ ਵੀ ਪੜ੍ਹੋ: ਅਮਰੀਕਾ ’ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 6 ਲੱਖ ਦੇ ਪਾਰ, ਰਾਸ਼ਟਰਪਤੀ ਨੇ ਇਸ ਨੂੰ ਦੱਸਿਆ ‘ਤ੍ਰਾਸਦੀ’

ਟੀਮਾਂ ਇਸ ਤਰ੍ਹਾਂ ਹਨ
ਭਾਰਤ-
ਮਿਤਾਲੀ ਰਾਜ (ਕਪਤਾਨ), ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ, ਪੂਨਮ ਰਾਊਤ, ਪ੍ਰਿਯਾ ਪੂਨੀਆ, ਦੀਪਤੀ ਸ਼ਰਮਾ, ਜੇਮਿਮਾਹ ਰੋਡ੍ਰਿਗੇਜ, ਸ਼ੈਫਾਲੀ ਵਰਮਾ, ਸਨੇਹਾ ਰਾਣਾ, ਤਾਨੀਆ ਭਾਟੀਆ, ਇੰਦ੍ਰਾਣੀ ਰਾਏ, ਝੂਲਨ ਗੋਸਵਾਮੀ, ਸ਼ਿਖਾ ਪਾਂਡੇ, ਪੂਜਾ ਵਸਤਰਕਰ, ਅਰੁੰਧਤੀ ਰੈੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ।

ਇੰਗਲੈਂਡ- ਹੀਥਰ ਨਾਈਟ (ਕਪਤਾਨ), ਐਮਿਲੀ ਅਲਾਰਟ, ਟੈਮੀ ਬਿਊਮੋਂਟ, ਕੈਥਰੀਨ ਬ੍ਰੰਟ, ਕੇਟ ਕ੍ਰਾਸ, ਫ੍ਰੇਯਾ ਡੇਵਿਸ, ਸੋਫੀਆ ਡੰਕਲੀ, ਸੋਫੀ ਐਕਸੇਲੇਟਨ, ਜਾਰਜੀਆ ਐਲਵਿਸ, ਟੈਸ਼ ਫਰਾਂਟ, ਸਾਰਾ ਗਲੇਨ, ਏਮੀ ਜੋਂਸ, ਨੇਟ ਸਕਿਵੇਰ, ਅਨਾਯਾ ਸ਼ਰੁਬਸੋਲੇ, ਮੈਡੀ ਵਿਲੀਅਰਸ, ਫਰਾਨ ਵਿਲਸਨ, ਲੌਰੇਨ ਵਿਨਫੀਲਡ।

ਇਹ ਵੀ ਪੜ੍ਹੋ: ਮੈਕਸੀਕੋ: ਮਰੀਜ਼ਾਂ ਨੂੰ ਲੈ ਕੇ ਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 12 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News