ਇੰਗਲੈਂਡ ਦੇ ਧਾਕੜ ਸਪਿੱਨਰ ਦੀ 20 ਸਾਲ ਦੀ ਉਮਰ ’ਚ ਮੌਤ, 2 ਹਫ਼ਤਿਆਂ ਬਾਅਦ ਸੀ ਜਨਮਦਿਨ
Friday, May 03, 2024 - 05:47 AM (IST)
ਸਪੋਰਟਸ ਡੈਸਕ– ਇੰਗਲੈਂਡ ਕ੍ਰਿਕਟ ਲਈ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਖਿਡਾਰੀ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ।
ਅਜਿਹੇ ਕਈ ਖਿਡਾਰੀ ਰਹੇ ਹਨ, ਜੋ ਕਾਊਂਟੀ ਕ੍ਰਿਕਟ ਤੋਂ ਇੰਗਲਿਸ਼ ਟੀਮ ’ਚ ਗਏ ਹਨ। ਜੋਸ਼ ਬੈਕਰ, ਜੋ ਭਵਿੱਖ ’ਚ ਇੰਗਲਿਸ਼ ਟੀਮ ’ਚ ਸ਼ਾਮਲ ਹੋਣ ਲਈ ਤਿਆਰ ਸੀ, ਦਾ ਦਿਹਾਂਤ ਹੋ ਗਿਆ ਹੈ। ਵਰਸੇਸਟਰਸ਼ਾਇਰ ਦੇ ਸਪਿੱਨਰ ਜੋਸ਼ ਬੈਕਰ ਦੀ 20 ਸਾਲ ਦੀ ਉਮਰ ’ਚ ਮੌਤ ਹੋ ਗਈ ਹੈ। ਇਹ ਦਿਲ ਨੂੰ ਝਿੰਜੋੜ ਦੇਣ ਵਾਲੀ ਖ਼ਬਰ ਹੈ।
ਬੈਕਰ ਨੇ ਇਸ ਸੀਜ਼ਨ ’ਚ ਦੋ ਕਾਊਂਟੀ ਮੈਚਾਂ ’ਚ ਹਿੱਸਾ ਲਿਆ। ਬੈਕਰ ਦੇ ਪਰਿਵਾਰ ਨੇ ਮੌਤ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਕੀਤਾ ਹੈ। ਬਾਕੀ ਗੱਲਾਂ ਨੂੰ ਗੁਪਤ ਰੱਖਿਆ ਗਿਆ ਹੈ। ਕਲੱਬ ਵਲੋਂ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਲੱਬ ਨੇ ਆਪਣੇ ਖਿਡਾਰੀ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : 14 ਸਾਲਾਂ ਬਾਅਦ ਸੁਲਝਿਆ MBA ਵਿਦਿਆਰਥਣ ਨਾਲ ਹੋਏ ਜਬਰ-ਜ਼ਿਨਾਹ ਤੇ ਕਤਲ ਦਾ ਮਾਮਲਾ
ਵਰਸੇਸਟਰਸ਼ਾਇਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਅਸੀਂ ਇਸ ਬੇਹੱਦ ਮੁਸ਼ਕਿਲ ਸਮੇਂ ਦੌਰਾਨ ਜੋਸ਼ ਦੇ ਪਰਿਵਾਰ, ਦੋਸਤਾਂ ਤੇ ਸਹਿਯੋਗੀਆਂ ਦਾ ਸਮਰਥਨ ਕਰਨ ਲਈ ਸਮਰਪਿਤ ਹਾਂ। ਅਸੀਂ ਆਪਣੇ ਦੁੱਖ ’ਚ ਇਕਜੁਟ ਹਾਂ ਤੇ ਜੋਸ਼ ਨੂੰ ਇਕ ਕਮਾਲ ਦੇ ਵਿਅਕਤੀ ਦੇ ਰੂਪ ’ਚ ਸਨਮਾਨ ਦੇਣ ਲਈ ਵਚਨਬੱਧ ਹਾਂ।
ਵਰਸੇਸਟਰਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਜਾਇਲਸ ਨੇ ਵੀ ਜੋਸ਼ ਦੇ ਬੇਵਕਤੀ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਕਰ ਦੇ ਦਿਹਾਂਤ ਦੀ ਖ਼ਬਰ ਨੇ ਸਾਨੂੰ ਸਾਰਿਆਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਜਾਇਲਸ ਨੇ ਇਹ ਵੀ ਕਿਹਾ ਕਿ ਜੋਸ਼ ਸਾਡੇ ਕ੍ਰਿਕਟ ਪਰਿਵਾਰ ਦਾ ਅਨਿੱਖੜਵਾਂ ਅੰਗ ਸੀ।
ਜ਼ਿਕਰਯੋਗ ਹੈ ਕਿ ਜੋਸ਼ ਦਾ ਜਨਮਦਿਨ ਦੋ ਹਫ਼ਤਿਆਂ ਬਾਅਦ ਹੀ ਆ ਰਿਹਾ ਸੀ। ਇਸ ਤੋਂ ਪਹਿਲਾਂ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਇੰਗਲੈਂਡ ਕ੍ਰਿਕਟ ਨੇ ਐਕਸ ’ਤੇ ਪੋਸਟ ਕੀਤਾ ਤੇ ਲਿਖਿਆ ਕਿ ਦਿਲ ਤੋੜਨ ਵਾਲੀ ਖ਼ਬਰ। ਇਸ ਅਤਿ ਦੁੱਖ ਦੀ ਘੜੀ ’ਚ ਸਾਡੇ ਵਿਚਾਰ ਜੋਸ਼ ਦੇ ਸਨੇਹੀਆਂ ਦੇ ਨਾਲ ਹਨ। ਜੋਸ਼ ਇੰਗਲੈਂਡ ਦੀ ਅੰਡਰ 19 ਟੀਮ ਲਈ ਖੇਡਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।