ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ
Wednesday, Feb 02, 2022 - 07:59 PM (IST)
ਨਾਰਥ ਸਾਊਂਡ- ਜਾਰਜ ਥਾਮਸ (50), ਜਾਰਜ ਬੇਲ (ਅਜੇਤੂ 56) ਅਤੇ ਏਲੇਕਸ ਹਾਟਰਨ (ਅਜੇਤੂ 53) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਲੈਗ ਸਪਿਨਰ ਰੇਹਾਨ ਅਹਿਮਦ (41 ਦੌੜਾਂ 'ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਇੰਗਲੈਂਡ ਪਹਿਲਾਂ ਸੈਮੀ-ਫਾਈਨਲ ਵਿਚ ਅਫਗਾਨਿਸਤਾਨ ਨੂੰ ਡਕਵਰਥ ਲੁਈਸ ਨਿਯਮ ਤਹਿਤ 15 ਦੌੜਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਇਸ ਦੇ ਨਾਲ ਅਫਗਾਨਿਸਤਾਨ ਦਾ ਪਹਿਲੀ ਵਾਰ ਆਈ. ਸੀ. ਸੀ. ਵਿਸ਼ਵਕਪ ਦੇ ਫਾਈਨਲ ਵਿਚ ਪੁੱਜਣ ਦਾ ਸੁਪਨਾ ਟੁੱਟ ਗਿਆ। ਇੰਗਲੈਂਡ ਦੀ ਟੀਮ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚੀ ਹੈ। ਮੰਗਲਵਾਰ ਨੂੰ ਖੇਡੇ ਸੈਮੀ-ਫਾਈਨਲ ਵਿਚ ਮੀਂਹ ਕਾਰਨ ਮੈਚ 47-47 ਓਵਰਾਂ ਦਾ ਕਰਨਾ ਪਿਆ ਸੀ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 47 ਓਵਰਾਂ ਵਿਚ 6 ਵਿਕਟਾਂ ਉੱਤੇ 231 ਦੌੜਾਂ ਬਣਾਈਆਂ ਸਨ, ਇਸ ਦੇ ਜਵਾਬ ਵਿਚ ਅਫਗਾਨਿਸਤਾਨ ਦੀ ਟੀਮ 9 ਵਿਕਟਾਂ 'ਤੇ 215 ਦੌੜਾਂ ਹੀ ਬਣਾ ਸਕੀ।
ਹੁਣ ਇੰਗਲੈਂਡ ਦਾ ਫਾਈਨਲ 'ਚ ਮੁਕਾਬਲਾ ਆਸਟਰੇਲੀਆ ਅਤੇ ਭਾਰਤ ਦੇ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਅਫਗਾਨਿਸਤਾਨ ਦੀ ਟੀਮ ਪਹਿਲੀ ਵਾਰ ਸੈਮੀਫਾਈਨਲ ਵਿਚ ਪਹੁੰਚੀ ਸੀ। ਇਸ ਮੈਚ ਵਿਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਕੀਤੀ ਸੀ ਅਤੇ ਇਕ ਸਮੇਂ ਅਫਗਾਨਿਸਤਾਨ ਨੇ 131 ਦੌੜਾਂ 'ਤੇ ਹੀ ਇੰਗਲੈਂਡ ਦੀਆਂ 6 ਵਿਕਟਾਂ ਹਾਸਲ ਕਰ ਲਈਆਂ ਸਨ, ਅਜਿਹਾ ਲੱਗ ਰਿਹਾ ਸੀ ਕਿ ਅਫਗਾਨਿਸਤਾਨ ਦੀ ਟੀਮ ਇਤਿਹਾਸ ਰਚਣ ਵਿਚ ਕਾਮਯਾਬ ਹੋ ਜਾਵੇਗੀ ਪਰ ਅਫਗਾਨਿਸਤਾਨ ਦੀ ਟੀਮ ਅਜਿਹਾ ਨਹੀਂ ਕਰ ਸਕੀ। ਆਖਰ ਦੇ 12 ਓਵਰਾਂ ਵਿਚ ਅਫਗਾਨਿਸਤਾਨ ਦੀ ਗੇਂਦਬਾਜ਼ੀ ਬਹੁਤ ਖਰਾਬ ਰਹੀ। ਉਸਦੇ ਗੇਂਦਬਾਜ਼ਾਂ ਨੇ 95 ਦੌੜਾਂ ਦਿੱਤੀਆਂ। ਇਹੀ ਇਕ ਗਲਤੀ ਟੀਮ 'ਤੇ ਭਾਰੀ ਪਈ ਅਤੇ 6 ਵਿਕਟਾਂ ਗਵਾਉਣ ਦੇ ਬਾਵਜੂਦ ਇੰਗਲੈਂਡ ਨੇ 231 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।