ਦੱਖਣੀ ਅਫਰੀਕਾ ਨੂੰ ਹਰਾ ਕੇ ਇੰਗਲੈਂਡ ਨੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ''ਚ ਬਣਾਈ ਜਗ੍ਹਾ
Friday, Apr 01, 2022 - 12:25 PM (IST)
ਕ੍ਰਾਈਸਟਚਰਚ- ਸਲਾਮੀ ਬੱਲੇਬਾਜ਼ ਡੇਨੀਅਲ ਵਾਟ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਸਪਿਨਰ ਸੋਫੀ ਏਕਲੇਸਟੋਨ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਿਛਲੀ ਵਾਰ ਦੀ ਚੈਂਪੀਅਨ ਇੰਗਲੈਂਡ ਦੀ ਟੀਮ ਨੇ ਵੀਰਵਾਰ ਨੂੰ ਇੱਥੇ ਦੂਜੇ ਸੈਮੀਫਾਈਨਲ ਵਿਚ ਦੱਖਣੀ ਅਫਰੀਕਾ 'ਤੇ 137 ਦੌੜਾਂ ਦੀ ਵੱਡੀ ਜਿੱਤ ਦਰਜ ਕਰ ਕੇ ਮਹਿਲਾ ਵਨ ਡੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਵਾਟ ਨੇ ਆਪਣੀ ਪਾਰੀ ਦੌਰਾਨ ਮਿਲੇ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਇਆ ਤੇ 125 ਗੇਂਦਾਂ 'ਤੇ 12 ਚੌਕਿਆਂ ਦੀ ਮਦਦ ਨਾਲ 129 ਦੌੜਾਂ ਬਣਈਆਂ।
ਇਹ ਵੀ ਪੜ੍ਹੋ : CSK vs LSG : ਧੋਨੀ ਨੇ ਪਹਿਲੀ ਹੀ ਗੇਦ 'ਚ ਜੜਿਆ ਛੱਕਾ, ਬਣਾ ਦਿੱਤਾ ਇਹ ਵੱਡਾ ਰਿਕਾਰਡ
ਉਨ੍ਹਾਂ ਨੂੰ ਪੰਜ ਵਾਰ ਜੀਵਨ ਦਾਨ ਮਿਲਿਆ ਜਿਸ ਨਾਲ ਉਹ ਵਿਸ਼ਵ ਕੱਪ ਵਿਚ ਆਪਣਾ ਪਹਿਲਾ ਸੈਂਕੜਾ ਲਾਉਣ ਵਿਚ ਕਾਮਯਾਬ ਰਹੀ। ਉਨ੍ਹਾਂ ਤੋਂ ਇਲਾਵਾ ਸੋਫੀਆ ਡੰਕਲੇ ਨੇ 72 ਗੇਂਦਾਂ ਵਿਚ 60 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਜਿਸ ਨਾਲ ਇੰਗਲੈਂਡ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਅੱਠ ਵਿਕਟਾਂ 'ਤੇ 293 ਦੌੜਾਂ ਦਾ ਵੱਡਾ ਸਕੋਰ ਬਣਾਇਆ। ਦੱਖਣੀ ਅਫਰੀਕੀ ਟੀਮ ਇਸ ਨਾਕਆਊਟ ਮੈਚ ਵਿਚ ਦਬਾਅ ਵਿਚ ਆ ਗਈ ਤੇ ਟੀਚੇ ਦਾ ਪਿੱਛਾ ਕਰਦੇ ਹੋਏ 38 ਓਵਰਾਂ ਵਿਚ 156 ਦੌੜਾਂ 'ਤੇ ਸਿਮਟ ਗਈ।
ਲੀਗ ਗੇੜ ਤੋਂ ਦੂਜੀ ਸਰਵਸ੍ਰੇਸ਼ਠ ਟੀਮ ਵਜੋਂ ਆਖ਼ਰੀ ਚਾਰ ਵਿਚ ਪੁੱਜੀ ਦੱਖਣੀ ਅਫਰੀਕਾ ਨੇ ਭਾਰਤ ਨੂੰ ਵੀ ਚੈਂਪੀਅਨਸ਼ਿਪ ਤੋਂ ਬਾਹਰ ਕਰ ਦਿੱਤਾ ਸੀ ਪਰ ਇਸ ਮੁਕਾਬਲੇ ਵਿਚ ਉਸ ਨੇ ਦਬਾਅ ਅੱਗੇ ਗੋਡੇ ਟੇਕ ਦਿੱਤੇ। ਟੀਮ ਨੇ ਦੂਜੇ ਹੀ ਓਵਰ ਵਿਚ ਟੂਰਨਾਮੈਂਟ ਦੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਲੌਰਾ ਵੋਲਵਾਰਟ ਦਾ ਵਿਕਟ ਗੁਆ ਦਿੱਤਾ ਜਿਨ੍ਹਾਂ ਨੂੰ ਤੇਜ਼ ਗੇਂਦਬਾਜ਼ ਅਨਿਆ ਸ਼੍ਰਬਸੋਲ ਨੇ ਆਪਣੀ ਹੀ ਗੇਂਦ 'ਤੇ ਕੈਚ ਆਊਟ ਕੀਤਾ। ਟੀਮ ਇਸ ਝਟਕੇ ਤੋਂ ਬਾਅਦ ਸੰਭਲ ਨਹੀਂ ਸਕੀ। ਖੱਬੇ ਹੱਥ ਦੀ ਸਪਿਨਰ ਏਕਲੇਸਟੋਨ ਨੇ ਹੇਠਲੇ ਬੱਲੇਬਾਜ਼ਾਂ ਨੂੰ ਸਮੇਟ ਕੇ ਇੰਗਲੈਂਡ ਲਈ ਕੰਮ ਪੂਰਾ ਕੀਤਾ। ਏਕਲੇਸਟੋਨ ਨੇ ਅੱਠ ਓਵਰਾਂ ਵਿਚ 36 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ 11 ਗੇਂਦਾਂ ਵਿਚ ਅਜੇਤੂ 24 ਦੌੜਾਂ ਦੀ ਪਾਰੀ ਖੇਡ ਕੇ ਇੰਗਲੈਂਡ ਨੂੰ 300 ਦੌੜਾਂ ਦੇ ਨੇੜੇ ਪਹੁੰਚਾਇਆ ਸੀ।
ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ ਦੀ ਬਾਲ ਦਾ ਹੋਇਆ ਉਦਘਾਟਨ, ਨਾਮ ਰੱਖਿਆ 'ਅਲ ਰਿਹਲਾ'
ਸ਼੍ਰਬਸੋਲ ਨੇ ਸ਼ਾਨਦਾਰ ਸਵਿੰਗ ਗੇਂਦਬਾਜ਼ੀ ਦਾ ਪ੍ਰਦਰਸਨ ਕੀਤਾ ਜਿਸ ਨਾਲ ਦੱਖਣੀ ਅਫਰੀਕਾ ਦੀ ਬੱਲੇਬਾਜ਼ੀ ਦੀ ਰੀੜ੍ਹ ਟੁੱਟ ਗਈ। ਵੋਲਵਾਰਟ ਦੀ ਸਲਾਮੀ ਜੋੜੀਦਾਰ ਲਿਜਲੇ ਲੀ ਉਨ੍ਹਾਂ ਦਾ ਦੂਜਾ ਸ਼ਿਕਾਰ ਬਣੀ। ਕੇਟ ਕ੍ਰਾਸ ਨੇ ਸੁਨੇ ਲੂਸ ਨੂੰ ਖ਼ੂਬਸੂਰਤ ਗੇਂਦ 'ਤੇ ਆਊਟ ਕੀਤਾ ਤੇ ਦੱਖਣੀ ਅਫਰੀਕਾ ਨੇ ਫਿਰ ਲਗਾਤਾਰ ਵਿਕਟਾਂ ਗੁਆਈਆਂ। ਦੱਖਣੀ ਅਫਰੀਕਾ ਨੂੰ ਮੈਚ ਦੇ ਸ਼ੁਰੂ ਵਿਚ ਫੀਲਡਿੰਗ ਵਿਚ ਢਿੱਲ ਦਾ ਖ਼ਮਿਆਜਾ ਵੀ ਭੁਗਤਣਾ ਪਿਆ। ਹਾਲਾਂਕਿ ਉਨ੍ਹਾਂ ਦੇ ਇਸ ਦਬਾਅ ਵਾਲੇ ਮੁਕਾਬਲੇ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦੇ ਫ਼ੈਸਲੇ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਫਿਰ ਵੀ ਇਹ ਦੱਖਣੀ ਅਫਰੀਕਾ ਦਾ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਰਿਹਾ। ਇੰਗਲੈਂਡ ਦੀ ਟੀਮ ਨੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਜਦਕਿ ਸ਼ੁਰੂਆਤੀ ਤਿੰਨ ਹਾਰਾਂ ਤੋਂ ਬਾਅਦ ਉਸ 'ਤੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ। ਹੁਣ ਟੀਮ ਪੰਜਵਾਂ ਖ਼ਿਤਾਬ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰੇਗੀ ਜਿਸ ਲਈ ਉਹ ਐਤਵਾਰ ਨੂੰ ਫਾਈਨਲ ਵਿਚ ਆਸਟ੍ਰੇਲੀਆ ਦੇ ਸਾਹਮਣੇ ਹੋਵੇਗੀ ਜੋ ਉਸ ਲਈ ਧੁਰ ਵਿਰੋਧੀ ਟੀਮ ਹੈ। ਆਸਟ੍ਰੇਲਿਆਈ ਟੀਮ ਵੀ ਰਿਕਾਰਡ ਸੱਤਵਾਂ ਖ਼ਿਤਾਬ ਆਪਣੀ ਝੋਲੀ ਵਿਚ ਪਾਉਣ ਦੀ ਕੋਸ਼ਿਸ਼ ਕਰੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।