ਹਥਿਆਰਬੰਦ ਲੋਕਾਂ ਵਲੋਂ ਘਰ ''ਚ ਦਾਖਲ ਹੋਣ ਤੋਂ ਬਾਅਦ ਵਿਸ਼ਵ ਕੱਪ ਤੋਂ ਆਪਣੇ ਵਤਨ ਇੰਗਲੈਂਡ ਪੁੱਜੇ ਸਟਰਲਿੰਗ
Monday, Dec 05, 2022 - 05:44 PM (IST)

ਦੋਹਾ : ਇੰਗਲੈਂਡ ਦੇ ਫਾਰਵਰਡ ਰਹੀਮ ਸਟਰਲਿੰਗ ਆਪਣੇ ਘਰ 'ਚ ਹਥਿਆਰਬੰਦ ਵਿਅਕਤੀਆਂ ਦੇ ਵੜਨ ਤੋਂ ਬਾਅਦ ਕਤਰ 'ਚ ਵਿਸ਼ਵ ਕੱਪ 'ਚ ਆਪਣੀ ਟੀਮ ਦੇ ਕੈਂਪ ਨੂੰ ਛੱਡ ਕੇ ਆਪਣੇ ਵਤਨ ਪਰਤ ਗਏ ਹਨ। ਮੈਨਚੈਸਟਰ ਸਿਟੀ ਦਾ 27 ਸਾਲਾ ਸਟਰਲਿੰਗ ਐਤਵਾਰ ਨੂੰ ਸੇਨੇਗਲ ਦੇ ਖਿਲਾਫ ਇੰਗਲੈਂਡ ਦੇ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਨਹੀਂ ਖੇਡਿਆ ਸੀ, ਜਿਸ ਵਿੱਚ ਉਸ ਦੀ ਟੀਮ ਨੇ 3-0 ਨਾਲ ਜਿੱਤ ਦਰਜ ਕੀਤੀ ਸੀ।
ਇਹ ਅਜੇ ਪਤਾ ਨਹੀਂ ਹੈ ਕਿ ਉਹ ਸ਼ਨੀਵਾਰ ਨੂੰ ਫਰਾਂਸ ਦੇ ਖਿਲਾਫ ਇੰਗਲੈਂਡ ਦੇ ਕੁਆਰਟਰ ਫਾਈਨਲ ਮੁਕਾਬਲੇ ਲਈ ਵਾਪਸੀ ਕਰੇਗਾ ਜਾਂ ਨਹੀਂ। ਕੋਚ ਗੈਰੇਥ ਸਾਊਥਗੇਟ ਨੇ ਕਿਹਾ, 'ਸਾਨੂੰ ਉਸ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਸਮੱਸਿਆ ਨੂੰ ਹੱਲ ਕਰਨ ਲਈ ਸਮਾਂ ਦੇਣਾ ਹੋਵੇਗਾ।' ਉਸ ਨੇ ਕਿਹਾ “ਇਹੋ ਇਸ ਸਮੇਂ ਸਭ ਤੋਂ ਮਹੱਤਵਪੂਰਣ ਚੀਜ਼ ਹੈ, ਇਸ ਲਈ ਅਸੀਂ ਇਸ ਨੂੰ ਸਮਾਂ ਦੇ ਰਹੇ ਹਾਂ।”
ਇਹ ਵੀ ਪੜ੍ਹੋ : ਭਾਰਤੀ ਟੀਮ ਕੋਲ ਹਾਕੀ 'ਚ ਵਿਸ਼ਵ ਚੈਂਪੀਅਨ ਬਣਨ ਲਈ ਸਭ ਕੁਝ ਮੌਜੂਦ : ਸਾਬਕਾ ਪਾਕਿਸਤਾਨੀ ਕਪਤਾਨ
ਇੰਗਲੈਂਡ ਨੇ ਅਲ ਬਾਇਤ ਸਟੇਡੀਅਮ ਵਿੱਚ ਸੇਨੇਗਲ ਦੇ ਖਿਲਾਫ ਆਪਣੇ ਮੈਚ ਤੋਂ ਡੇਢ ਘੰਟਾ ਪਹਿਲਾਂ ਐਲਾਨ ਕੀਤਾ ਸੀ ਕਿ ਸਟਰਲਿੰਗ "ਪਰਿਵਾਰਕ ਮਾਮਲਿਆਂ" ਦੇ ਕਾਰਨ ਮੈਚ ਲਈ ਉਪਲਬਧ ਨਹੀਂ ਹੋਵੇਗਾ। ਇੰਗਲੈਂਡ ਦੀ ਪ੍ਰੈਸ ਐਸੋਸੀਏਸ਼ਨ ਨੇ ਫਿਰ ਦੱਸਿਆ ਕਿ ਹਥਿਆਰਬੰਦ ਵਿਅਕਤੀ ਸਟਰਲਿੰਗ ਦੇ ਘਰ ਵਿੱਚ ਦਾਖਲ ਹੋਏ ਸਨ ਜਦੋਂ ਕਿ ਉਸਦੀ ਪਤਨੀ ਅਤੇ ਤਿੰਨ ਬੱਚੇ ਅੰਦਰ ਸਨ।
ਕਪਤਾਨ ਹੈਰੀ ਕੇਨ ਨੇ ਕਿਹਾ, 'ਅਸੀਂ ਉਸ ਅਤੇ ਉਸ ਦੇ ਪਰਿਵਾਰ ਦੇ ਨਾਲ ਹਾਂ। ਇਹ ਉਸਦਾ ਨਿੱਜੀ ਮਾਮਲਾ ਹੈ ਪਰ ਇਹ ਦੇਖਣਾ ਕਦੇ ਵੀ ਆਸਾਨ ਨਹੀਂ ਹੁੰਦਾ ਕਿ ਤੁਹਾਡੀ ਟੀਮ ਦਾ ਆਪਣਾ ਸਾਥੀ ਜਾਂ ਦੋਸਤ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰੇ। ਅਸੀਂ ਉਸ ਦਾ ਤੇ ਉਸ ਦੇ ਪਰਿਵਾਰ ਦਾ ਸਮਰਥਨ ਕਰਦੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।