ENG vs NZ, Test Match : ਬਰੂਕ ਨੇ ਸੈਂਕੜਾ ਲਾ ਕੇ ਮੈਚ ਦਾ ਪਾਸਾ ਇੰਗਲੈਂਡ ਵੱਲ ਮੋੜਿਆ
Saturday, Nov 30, 2024 - 10:55 AM (IST)
ਕ੍ਰਾਈਸਟਚਰਚ– ਹੈਰੀ ਬਰੂਕ ਨੇ ਆਪਣਾ 7ਵਾਂ ਟੈਸਟ ਸੈਂਕੜਾ ਲਾਇਆ ਤੇ ਓਲੀ ਪੋਪ ਦੇ ਨਾਲ 5ਵੀਂ ਵਿਕਟ ਲਈ 151 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਇੱਥੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਕ੍ਰਿਕਟ ਮੈਚ ਦਾ ਪਾਸਾ ਆਪਣੇ ਵੱਲ ਮੋੜ ਦਿੱਤਾ। ਦੂਜੇ ਦਿਨ ਦੀ ਖੇਡ ਖਤਮ ਹੋਣ ਦੇ ਸਮੇਂ ਬਰੂਕ 132 ਤੇ ਬੇਨ ਸਟੋਕਸ 37 ਦੌੜਾਂ ’ਤੇ ਖੇਡ ਰਹੇ ਸਨ। ਇਹ ਦੋਵੇਂ 6ਵੀਂ ਵਿਕਟ ਲਈ ਹੁਣ ਤੱਕ 97 ਦੌੜਾਂ ਜੋੜ ਚੁੱਕੇ ਹਨ।
ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 5 ਵਿਕਟਾਂ ’ਤੇ 319 ਦੌੜਾਂ ਬਣਾਈਆਂ ਤੇ ਉਹ ਨਿਊਜ਼ੀਲੈਂਡ ਤੋਂ ਸਿਰਫ 29 ਦੌੜਾਂ ਪਿੱਛੇ ਹੈ, ਜਿਸ ਨੇ ਆਪਣੀ ਪਹਿਲੀ ਪਾਰੀ ਵਿਚ 348 ਦੌੜਾਂ ਬਣਾਈਆਂ ਸਨ। ਬਰੂਕ ਤੇ ਪੋਪ ਵਿਚਾਲੇ ਸਾਂਝੇਦਾਰੀ ਕਿੰਨੀ ਮਹੱਤਵਪੂਰਨ ਰਹੀ, ਇਸਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਬਰੂਕ ਨੇ ਕ੍ਰੀਜ਼ ’ਤੇ ਕਦਮ ਰੱਖਿਆ ਸੀ ਤਦ ਇੰਗਲੈਂਡ 3 ਵਿਕਟਾਂ ’ਤੇ 45 ਦੌੜਾਂ ਬਣਾ ਕੇ ਸੰਘਰਸ਼ ਕਰ ਰਿਹਾ ਸੀ। ਜਲਦ ਹੀ ਇਹ ਸਕੋਰ 4 ਵਿਕਟਾਂ ’ਤੇ 71 ਦੌੜਾਂ ਹੋ ਗਿਆ।
ਪੋਪ ਨੇ ਇੱਥੋਂ ਬਰੂਕ ਦਾ ਚੰਗਾ ਸਾਥ ਦਿੱਤਾ ਤੇ ਉਹ ਸਕੋਰ ਨੂੰ 222 ਦੌੜਾਂ ਤੱਕ ਲੈ ਕੇ ਗਏ। ਪੋਪ ਆਖਰੀ ਸੈਸ਼ਨ ਵਿਚ 77 ਦੌੜਾਂ ਬਣਾ ਕੇ ਆਊਟ ਹੋਇਆ। ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਤੇ ਉਸ ਨੇ ਸਲਾਮੀ ਬੱਲੇਬਾਜ਼ ਜੈਕ ਕਰਾਊਲੀ ਦੀ ਵਿਕਟ ਜਲਦ ਗੁਆ ਦਿੱਤੀ ਜਿਹੜਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇਸ ਤੋਂ ਬਾਅਦ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਨਾਥਨ ਸਮਿਥ ਨੇ ਆਪਣੇ ਟੈਸਟ ਕਰੀਅਰ ਦੇ ਦੂਜੇ ਓਵਰ ਵਿਚ ਹੀ ਪਹਿਲਾਂ ਜੈਕਬ ਬੇਥੇਲ (10) ਨੂੰ ਆਊਟ ਕੀਤਾ ਤੇ ਫਿਰ ਆਪਣਾ 150ਵਾਂ ਟੈਸਟ ਮੈਚ ਖੇਡ ਰਹੇ ਜੋ ਰੂਟ (00) ਨੂੰ ਪੈਵੇਲੀਅਨ ਭੇਜਿਆ।
ਵਿਲ ਓ ਰਾਊਰਕੇ ਨੇ ਸਲਾਮੀ ਬੱਲੇਬਾਜ਼ ਬੇਨ ਡਕੇਟ (46) ਨੂੰ ਅਰਧ ਸੈਂਕੜਾ ਪੂਰਾ ਨਹੀਂ ਕਰਨ ਦਿੱਤਾ। ਨਿਊਜ਼ੀਲੈਂਡ ਦੀ ਫੀਲਡਿੰਗ ਚੰਗੀ ਨਹੀਂ ਰਹੀ ਤੇ ਉਸ ਨੇ ਬਰੂਕ ਨੂੰ 18, 41, 70 ਤੇ 112 ਦੌੜਾਂ ਦੇ ਨਿੱਜੀ ਸਕੋਰ ’ਤੇ ਜੀਵਨਦਾਨ ਦਿੱਤੇ। ਬਰੂਕ ਨੇ ਇਸ ਦਾ ਪੂਰਾ ਫਾਇਦਾ ਚੁੱਕਿਆ। ਉਹ ਅਜੇ ਤੱਕ 163 ਗੇਂਦਾਂ ਦੀ ਆਪਣੀ ਪਾਰੀ ਵਿਚ 10 ਚੌਕੇ ਤੇ 2 ਛੱਕੇ ਲਾ ਚੁੱਕਾ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਸਵੇਰੇ ਆਪਣੀ ਪਹਿਲੀ ਪਾਰੀ 8 ਵਿਕਟਾਂ ’ਤੇ 319 ਦੌੜਾਂ ਤੋਂ ਅੱਗੇ ਵਧਾ ਕੇ 348 ਦੌੜਾਂ ਤੱਕ ਪਹੁੰਚਾਈ। ਉਸ ਵੱਲੋਂ ਗਲੇਨ ਫਿਲਿਪਸ 58 ਦੌੜਾਂ ਬਣਾ ਕੇ ਅਜੇਤੂ ਰਿਹਾ।