ENG vs AUS : ਆਸਟਰੇਲੀਆ ਨੇ ਇੰਗਲੈਂਡ ਨੂੰ 185 ਦੌੜਾਂ ਨਾਲ ਹਰਾਇਆ

09/08/2019 11:00:59 PM

ਮਾਨਚੈਸਟਰ— ਤੇਜ਼ ਗੇਂਦਬਾਜ਼ ਪੈਟ ਕਮਿੰਸ (43 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਪੁਰਾਣੇ ਵਿਰੋਧੀ ਇੰਗਲੈਂਡ ਨੂੰ ਚੌਥੇ ਟੈਸਟ ਦੇ 5ਵੇਂ ਤੇ ਆਖਰੀ ਦਿਨ ਐਤਵਾਰ ਨੂੰ 185 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਤੇ ਏਸ਼ੇਜ਼ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਆਸਟਰੇਲੀਆ ਨੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 383 ਦੌੜਾਂ ਦਾ ਟੀਚਾ ਰੱਖਿਆ ਸੀ ਤੇ ਇੰਗਲੈਂਡ ਨੇ ਸਵੇਰੇ 2 ਵਿਕਟਾਂ 'ਤੇ 18 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਕੱਲ 2 ਵਿਕਟਾਂ ਕੱਢਣ ਵਾਲੇ ਕਮਿੰਸ ਨੇ ਅੱਜ ਸਵੇਰ ਦੇ ਸੈਸ਼ਨ ਵਿਚ ਜੈਸਨ ਰਾਏ ਤੇ ਬੇਨ ਸਟੋਕਸ ਦੀਆਂ ਵਿਕਟਾਂ ਕੱਢ ਕੇ ਇੰਗਲੈਂਡ 'ਤੇ ਅਜਿਹਾ ਦਬਾਅ ਬਣਾਇਆ, ਜਿਸ ਨਾਲ ਮੇਜ਼ਬਾਨ ਟੀਮ ਉੱਭਰ ਨਹੀਂ ਸਕੀ।
PunjabKesari

ਲੰਚ ਤਕ ਆਪਣੀਆਂ 4 ਵਿਕਟਾਂ 87 ਦੌੜਾਂ 'ਤੇ ਗੁਆਉਣ ਤੋਂ ਬਾਅਦ ਇੰਗਲੈਂਡ ਦੀ ਟੀਮ ਲਗਾਤਾਰ ਸੰਘਰਸ਼ ਕਰਦੀ ਰਹੀ ਤੇ ਆਖਿਰ ਚਾਹ ਦੇ ਸਮੇਂ ਤੋਂ ਬਾਅਦ ਉਸ ਨੇ 197 ਦੌੜਾਂ 'ਤੇ ਗੋਡੇ ਟੇਕ ਦਿੱਤੇ। ਆਸਟਰੇਲੀਆ ਨੂੰ ਇਸ ਜਿੱਤ ਨਾਲ 24 ਅੰਕ ਮਿਲੇ ਤੇ ਉਸ ਦੇ ਹੁਣ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਵਿਚ 56 ਅੰਕ ਹੋ ਗਏ ਹਨ ਜਦਕਿ ਇੰਗਲੈਂਡ ਦੇ ਇਸ ਹਾਰ ਤੋਂ ਬਾਅਦ 32 ਅੰਕ ਹਨ। ਇਸ ਜਿੱਤ ਨੇ ਆਸਟਰੇਲੀਆ ਦਾ ਏਸ਼ੇਜ਼ 'ਤੇ ਕਬਜ਼ਾ ਬਰਕਰਾਰ ਰੱਖਿਆ। ਆਸਟਰੇਲੀਆ ਨੇ 2017-18 ਵਿਚ ਆਪਣੀ ਧਰਤੀ 'ਤੇ ਏਸ਼ੇਜ਼ ਸੀਰੀਜ਼ 4-0 ਨਾਲ ਜਿੱਤੀ ਸੀ।


Gurdeep Singh

Content Editor

Related News