ENG v IND 2nd ODI: ਇੰਗਲੈਂਡ ਨੇ ਭਾਰਤ ਨੂੰ 100 ਦੌੜਾਂ ਨਾਲ ਹਰਾਇਆ

07/15/2022 12:40:04 AM

ਸਪੋਰਟਸ ਡੈਸਕ : ਤੇਜ਼ ਗੇਂਦਬਾਜ਼ ਰੀਸ ਟਾਪਲੇ ਦੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਭਾਰਤ ਨੂੰ ਦੂਜੇ ਵਨਡੇ ’ਚ 100 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇੰਗਲੈਂਡ ਦੇ 247 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤ ਟਾਪਲੇ (24 ਦੌੜਾਂ ’ਤੇ 6 ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਦੇ ਸਾਹਮਣੇ 38.5 ਓਵਰਾਂ ’ਚ ਸਿਰਫ 146 ਦੌੜਾਂ ’ਤੇ ਸਿਮਟ ਗਿਆ। ਕੋਈ ਵੀ ਭਾਰਤੀ ਬੱਲੇਬਾਜ਼ 30 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕਿਆ। ਹਾਰਦਿਕ ਪੰਡਯਾ (29), ਰਵਿੰਦਰ ਜਡੇਜਾ (29), ਸੂਰਿਆਕੁਮਾਰ ਯਾਦਵ (27) ਤੇ ਮੁਹੰਮਦ ਸ਼ੰਮੀ (23) ਨੇ ਕਰੀਜ਼ ’ਤੇ ਟਿਕਣ ਤੋਂ ਬਾਅਦ ਵਿਕਟਾਂ ਗੁਆ ਦਿੱਤੀਆਂ। ਇੰਗਲੈਂਡ ਦੀ ਟੀਮ ਵੀ ਲੈੱਗ ਸਪਿਨਰ ਯੁਜਵੇਂਦਰ ਚਾਹਲ, ਹਾਰਦਿਕ ਤੇ ਜਸਪ੍ਰੀਤ ਬੁਮਰਾਹ ਦੀ ਤਿੱਖੀ ਗੇਂਦਬਾਜ਼ੀ ਦੇ ਸਾਹਮਣੇ 49 ਓਵਰਾਂ ’ਚ 246 ਦੌੜਾਂ ’ਤੇ ਢੇਰ ਹੋ ਗਈ ਸੀ। ਇੰਗਲੈਂਡ ਦਾ ਕੋਈ ਵੀ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ’ਚ ਨਹੀਂ ਬਦਲ ਸਕਿਆ।

ਮੋਇਨ ਅਲੀ ਤੇ ਡੇਵਿਡ ਵਿਲੀ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨੇ ਮੁਸ਼ਕਲ ਹਾਲਾਤਾਂ ਨੂੰ ਪਾਰ ਕਰਦਿਆਂ ਟੀਮ ਦਾ ਚੁਣੌਤੀਪੂਰਨ ਸਕੋਰ ਬਣਾਉਣ ’ਚ ਮਦਦ ਕੀਤੀ। ਮੋਇਨ ਨੇ 47 ਦੌੜਾਂ ਬਣਾਈਆਂ ਜਦਕਿ ਵਿਲੀ ਨੂੰ ਦੋ ਜੀਵਨਦਾਨ ਦਾ ਫਾਇਦਾ ਉਠਾਇਆ ਤੇ 41 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ 7ਵੀਂ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕੀਤੀ। ਮੋਇਨ ਨੇ ਲਿਆਮ ਲਿਵਿੰਗਸਟੋਨ ਨਾਲ 6ਵੇਂ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਕੀਤੀ। ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੇ 38 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਟੀਮ ਨੇ 31 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ, ਜਿਸ ਤੋਂ ਟੀਮ ਕਦੇ ਵੀ ਉੱਭਰ ਨਹੀਂ ਸਕੀ। ਭਾਰਤੀ ਬੱਲੇਬਾਜ਼ਾਂ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟਾਪਲੇ ਤੇ ਡੇਵਿਡ ਵਿਲੀ ਨੇ ਕਾਫੀ ਪ੍ਰੇਸ਼ਾਨ ਕੀਤਾ। ਟੀਮ ਨੇ ਤੀਜੇ ਓਵਰ ’ਚ ਕਪਤਾਨ ਰੋਹਿਤ ਸ਼ਰਮਾ ਦਾ ਵਿਕਟ ਗੁਆਇਆ, ਜੋ ਟਾਪਲੇ ਦੇ ਹੱਥੋਂ ਐੱਲ. ਬੀ. ਡਬਲਿਊ. ਹੋ ਗਏ।

ਭਾਰਤ ਦੀ ਬੱਲੇ ਨਾਲ ਪਹਿਲੀ ਦੌੜ 27ਵੀਂ ਗੇਂਦ ’ਤੇ ਬਣੀ ਜਦੋਂ ਸ਼ਿਖਰ ਧਵਨ ਨੇ 5ਵੇਂ ਓਵਰ ’ਚ ਟਾਪਲੇ ਦੀ ਗੇਂਦ ’ਤੇ 1 ਦੌੜ ਲਈ। ਵਿਰਾਟ ਕੋਹਲੀ ਨੇ ਇਸ ਓਵਰ ’ਚ ਪਾਰੀ ਦਾ ਪਹਿਲਾ ਚੌਕਾ ਜੜਿਆ ਤੇ ਫਿਰ ਇਸ ਤੇਜ਼ ਗੇਂਦਬਾਜ਼ ਦੇ ਅਗਲੇ ਓਵਰ ’ਚ ਲਗਾਤਾਰ 2 ਚੌਕੇ ਜੜੇ। ਧਵਨ ਟਾਪਲੇ ਦੀ ਗੇਂਦ ’ਤੇ ਵਿਕਟਕੀਪਰ ਜੋਸ ਬਟਲਰ ਨੂੰ ਕੈਚ ਦੇ ਬੈਠੇ। ਭਾਰਤ ਨੇ ਰਿਸ਼ਭ ਪੰਤ ਨੂੰ ਬੱਲੇਬਾਜ਼ੀ ਕ੍ਰਮ ’ਚ ਉੱਪਰ ਭੇਜਿਆ ਪਰ ਉਸ ਨੇ ਮਿਡ-ਆਨ ’ਤੇ ਬ੍ਰਾਈਡਨ ਕਾਰਸ ਦੀ ਫੁੱਲਟਾਸ ਨੂੰ ਮਿਡ ਆਨ ’ਤੇ ਸਿੱਧੇ ਫੀਲਡਰ ਦੇ ਹੱਥਾਂ ’ਚ ਖੇਡ ਗਏ। ਕੋਹਲੀ ਵੀ ਅਗਲੇ ਓਵਰ ’ਚ ਵਿਲੀ ਦੀ ਆਫ ਸਾਈਡ ਤੋਂ ਬਾਹਰ ਵੱਲ ਮੂਵ ਹੁੰਦੀ ਗੇਂਦ ’ਤੇ ਬੱਲੇ ਨੂੰ ਛੂਹਾ ਕੇ ਬਟਲਰ ਨੂੰ ਕੈਚ ਦੇ ਬੈਠੇ। ਸੂਰਿਆਕੁਮਾਰ ਤੇ ਹਾਰਦਿਕ ਨੇ ਫਿਰ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ 15ਵੇਂ ਓਵਰ ’ਚ ਟੀਮ ਦੇ ਸਕੋਰ ਨੂੰ 50 ਦੌੜਾਂ ਤੋਂ ਪਾਰ ਕਰ ਦਿੱਤਾ। ਸੂਰਿਆਕੁਮਾਰ ਨੇ ਕਾਰਸ ਨੂੰ ਪਾਰੀ ਦਾ ਪਹਿਲਾ ਛੱਕਾ ਲਾਇਆ ਪਰ ਟਾਪਲੇ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਗਏ। ਉਨ੍ਹਾਂ 29 ਗੇਂਦਾਂ ’ਚ 27 ਦੌੜਾਂ ਬਣਾਈਆਂ। ਹਾਰਦਿਕ ਵੀ ਮੋਇਨ ਦੀ ਗੇਂਦ ’ਤੇ ਲਿਵਿੰਗਸਟੋਨ ਕੋਲ ਕੈਚ ਦੇ ਬੈਠੇ। ਭਾਰਤ ਦੀਆਂ ਦੌੜਾਂ ਦਾ ਸੈਂਕੜਾ 27ਵੇਂ ਓਵਰ ’ਚ ਪੂਰਾ ਹੋਇਆ।

ਪਲੇਇੰਗ ਇਲੈਵਨ

ਇੰਗਲੈਂਡ : ਜੇਸਨ ਰਾਏ, ਜੌਨੀ ਬੇਅਰਸਟੋ, ਜੋ ਰੂਟ, ਬੇਨ ਸਟੋਕਸ, ਜੋਸ ਬਟਲਰ (ਕਪਤਾਨ, ਵਿਕਟਕੀਪਰ), ਲਿਆਮ ਲਿਵਿੰਗਸਟੋਨ, ​​ਮੋਇਨ ਅਲੀ, ਡੇਵਿਡ ਵਿਲੀ, ਕ੍ਰੇਗ ਓਵਰਟਨ, ਬ੍ਰਾਿੲਡਨ ਕਾਰਸ ਤੇ ਰੀਸ ਟਾਪਲੀ।

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਆਰ. ਜਡੇਜਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ ਅਤੇ ਪ੍ਰਸਿੱਧ ਕ੍ਰਿਸ਼ਨਾ।


Manoj

Content Editor

Related News