MS ਧੋਨੀ ਨੂੰ ਮੈਚ ਦਾ ਸਫ਼ਲ ਅੰਤ ਕਰਦੇ ਦੇਖਣਾ ਭਾਵੁਕ ਪਲ: ਸਟੀਫਨ ਫਲੇਮਿੰਗ
Monday, Oct 11, 2021 - 11:47 AM (IST)
ਦੁਬਈ (ਭਾਸ਼ਾ) : ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜੰਮ ਕੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਮਹਾਨ ਵਿਕਟਕੀਪਰ ਬੱਲੇਬਾਜ਼ ਨੂੰ ਮੈਚ ਦਾ ਸਫ਼ਲ ਅੰਤ ਕਰਦੇ ਹੋਏ ਦੇਖਣਾ ਭਾਵੁਕ ਕਰ ਦੇਣ ਵਾਲਾ ਪਲ ਸੀ। ਧੋਨੀ ਨੇ ਐਤਵਾਰ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ ਪਹਿਲੇ ਕੁਆਲੀਫਾਇਰ ਦੇ ਆਖ਼ਰੀ ਪਲਾਂ ਵਿਚ ਮੈਚ ਦਾ ਸਫ਼ਲ ਅੰਤ ਕਰਨ ਦੀ ਆਪਣੀ ਕਾਬੀਲੀਅਤ ਦਾ ਫਿਰ ਤੋਂ ਬੇਜੋੜ ਨਮੂਨਾ ਪੇਸ਼ ਕਰਕੇ ਚੇਨਈ ਨੂੰ 4 ਵਿਕਟਾਂ ਨਾਲ ਜਿੱਤਾ ਕੇ 9ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਫਾਈਨਲ ਵਿਚ ਪਹੁੰਚਾਇਆ। ਚੇਨਈ ਨੂੰ ਆਖ਼ਰੀ ਓਵਰ ਵਿਚ 13 ਦੋੜਾਂ ਦੀ ਜ਼ਰੂਰਤ ਸੀ ਅਤੇ ਧੋਨੀ ਨੇ ਟਾਮ ਕੁਰੇਨ ’ਤੇ 3 ਚੌਥੇ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਵੇਸ਼ ਖਾਨ ’ਤੇ ਮਿਡਵਿਕਟ ਖੇਤਰ ਵਿਚ ਛੱਕਾ ਲਗਾਇਆ ਸੀ।
ਫਲੇਮਿੰਗ ਨੇ ਮੈਚ ਦੇ ਬਾਅਦ ਵਰਚੁਅਲ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਇਹ ਸ਼ਾਨਦਾਰ ਪਾਰੀ ਸੀ। ਇਹ ਸਾਡੇ ਲਈ ਭਾਵਨਾਤਮਕ ਰੂਪ ਨਾਲ ਬਹੁਤ ਚੰਗਾ ਸੀ। ਜਦੋਂ ਵੀ ਉਹ (ਧੋਨੀ) ਕ੍ਰੀਜ਼ ’ਤੇ ਉਤਰਦੇ ਹਨ ਤਾਂ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਉਨ੍ਹਾਂ ’ਤੇ ਦਬਾਅ ਹੈ, ਉਨ੍ਹਾਂ ਤੋਂ ਉਮੀਦ ਕੀਤੀ ਗਈ ਹੈ ਅਤੇ ਫਿਰ ਤੋਂ ਉਨ੍ਹਾਂ ਨੇ ਸਾਡੇ ਲਈ ਮੈਚ ਜੇਤੂ ਦੀ ਭੂਮਿਕਾ ਨਿਭਾਈ। ਇਸ ਲਈ ਇਹ ਡ੍ਰੈਸਿੰਗ ਰੂਮ ਵਿਚ ਭਾਵੁਕ ਕਰਨ ਵਾਲਾ ਪਲਾ ਸੀ।’ ਫਲੇਮਿੰਗ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਧੋਨੀ ਨਾਲ ਕੀ ਗੱਲ ਹੁੰਦੀ ਹੈ, ਉਨ੍ਹਾਂ ਕਿਹਾ, ‘ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ। ਅਸੀਂ ਇਨ੍ਹਾਂ 20 ਓਵਰਾਂ ਵਿਚ ਸਭ ਤੋਂ ਜ਼ਿਆਦਾ ਗੱਲਾਂ ਕੀਤੀਆਂ ਹਨ। ਤਕਨਾਲੋਜੀ ਨੂੰ ਲੈ ਕੇ ਚਰਚਾ ਹੁੰਦੀ ਹੈ, ਰਣਨੀਤੀ ਨੂੰ ਲੈ ਕੇ ਗੱਲ ਹੁੰਦੀ ਹੈ ਕਿ ਕਿਵੇਂ ਉਸ ’ਤੇ ਅਮਲ ਕਰਨਾ ਹੈ ਅਤੇ ਕੌਣ ਜ਼ਿਆਦਾ ਪ੍ਰਭਾਵ ਪਾ ਸਕਦਾ ਹੈ।’
ਧੋਨੀ ਦੀ ਪਾਰੀ ਤੋਂ ਪਹਿਲਾਂ ਰਿਤੂਰਾਜ ਗਾਇਕਵਾੜ ਨੇ 70 ਅਤੇ ਰੋਬਿਨ ਉਥੱਪਾ ਨੇ 63 ਦੋੜਾਂ ਦੀ ਪਾਰੀ ਖੇਡ ਕੇ ਚੇਨਈ ਦੀ ਜਿੱਤ ਦੀ ਨੀਂਹ ਰੱਖੀ। ਫਲੇਮਿੰਗ ਨੇ ਉਥੱਪਾ ਦੀ ਪਾਰੀ ਦੇ ਬਾਰੇ ਵਿਚ ਕਿਹਾ, ‘ਸਾਨੂੰ ਆਪਣੇ ਹਰੇਕ ਖਿਡਾਰੀ ਦੇ ਪ੍ਰਦਰਸ਼ਨ ’ਤੇ ਮਾਣ ਹੈ। ਇਸ ਲਈ ਇਹ ਖ਼ਾਸ ਪਾਰੀ ਸੀ। ਪਹਿਲੀ ਗੇਂਦ ਤੋਂ ਹੀ ਉਸ ਨੇ ਆਪਣੇ ਇਰਾਦੇ ਦਿਖਾ ਦਿੱਤੇ ਸਨ।’