ਹੁਣ ਈਸਟ ਬੰਗਾਲ ਅਤੇ ਰੀਅਲ ਕਸ਼ਮੀਰ AFC ਮੁਕਾਬਲਾ ਦਿੱਲੀ ''ਚ ਹੋਵੇਗਾ

Wednesday, Feb 27, 2019 - 04:19 PM (IST)

ਕੋਲਕਾਤਾ : ਜੰਮੂ ਕਸ਼ਮੀਰ ਵਿਚ ਪੁਲਵਾਮਾ ਹਮਲਿਆਂ ਤੋਂ ਬਾਅਦ ਜਾਰੀ ਤਣਾਅ ਕਾਰਨ ਰੀਅਲ ਕਸ਼ਮੀਰ ਐੱਫ. ਸੀ. ਅਤੇ ਈਸਟ ਬੰਗਾਲ ਵਿਚਾਲੇ 28 ਫਰਵਰੀ ਨੂੰ ਹੋਣ ਵਾਲੇ ਆਈ. ਲੀਗ. ਦਾ ਫੁੱਟਬਾਲ ਮੁਕਾਬਲਾ ਨਵੀਂ ਦਿੱਲੀ ਵਿਚ ਖੇਡਿਆ ਜਾਵੇਗਾ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਲੀਗ ਕਮੇਟੀ ਦੀ ਬੈਠਕ ਵਿਚ ਸੋਮਵਾਰ ਨੂੰ ਇਹ ਨਿਰਣਾ ਲਿਆ ਗਿਆ। ਮੌਜੂਦਾ ਚੈਂਪੀਅਨ ਮਿਨਰਵਾ ਪੰਜਾਬ ਨੇ 18 ਫਰਵਰੀ ਨੂੰ ਕਸ਼ਮੀਰ ਵਿਚ ਮੁਕਾਬਲਾ ਖੇਡਣ ਤੋਂ ਮਨਾ ਕਰ ਦਿੱਤਾ ਸੀ ਅਤੇ ਇਸ ਮੁੱਧੇ 'ਤੇ ਫੈਸਲਾ ਲੈਣ ਲਈ ਏ. ਆਈ. ਐੱਫ. ਐੱਫ. ਦੇ ਸੀਨੀਅਰ ਉਪ-ਪ੍ਰਧਾਨ ਸੁਬਰਤਾ ਦੱਤਾ ਦੀ ਮੌਜੂਦਗੀ 'ਚ ਇਹ ਬੈਠਕ ਹੋਈ।

ਏ. ਆਈ. ਐੱਫ. ਐੱਫ. ਵੱਲੋਂ ਜਾਰੀ ਇਕ ਬਿਆਨ ਮੁਤਾਬਕ, ਆਈ-ਲੀਗ ਦੇ ਨਿਯਮਾਂ ਦੇ ਤਹਿਤ ਕੀਤੀ ਗਈ ਲੰਬੀ ਚਰਚਾ ਤੋਂ ਬਾਅਦ ਕਮੇਟੀ ਨੇ ਇਸ ਮਾਮਲੇ ਨੂੰ ਏ. ਆਈ. ਐੱਫ. ਐੱਫ. ਦੀ ਕਾਰਜਕਾਰੀ ਕਮੇਟੀ ਦਾ ਸੌਂਪਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਕਮੇਟੀ ਨੇ ਨਿਰਣਾ ਲਿਆ ਕਿ ਰੀਅਰ ਕਸ਼ਮੀਰ ਅਤੇ ਈਸਟ ਬੰਗਾਲ ਵਿਚਾਲੇ ਹੋਣ ਵਾਲਾ ਮੁਕਾਬਲਾ ਇੱਥੇ ਖੇਡਿਆ ਜਾਵੇਗਾ। ਸੂਤਰਾਂ ਨੇ ਦੱਸਿਆ ਸੁਰੱਖਿਆ ਕਾਰਣਾਂ ਦੇ ਚਲਦੇ ਮੈਚ 28 ਫਰਵਰੀ ਨੂੰ ਨਵੀਂ ਦਿੱਲੀ 'ਚ ਖੇਡਿਆ ਜਾਵੇਗਾ।

PunjabKesari

ਰੀਅਲ ਕਸ਼ਮੀਰ ਨੇ ਆਪਣੇ ਪੱਤਰ ਵਿਚ ਦੱਸਿਆ ਕਿ ਕਸ਼ਮੀਰ ਵਿਚ ਉਪਜੇ ਤਣਾਅ ਦੇ ਕਾਰਣ ਉਹ 28 ਫਰਵਰੀ ਨੂੰ ਈਸਟ ਬੰਗਾਲ ਖਿਲਾਫ ਹੋਣ ਵਾਲਾ ਮੁਕਾਬਲਾ ਨਵੀਂ ਦਿੱਲੀ ਵਿਚ ਖੇਡਣ ਲਈ ਤਿਆਰ ਹੈ। ਹਾਲਾਂਕਿ ਉਸ ਨੇ ਇਹ ਵੀ ਕਿਹਾ ਕਿ ਸ਼੍ਰੀਨਗਰ ਵਿਚ 16 ਤੋਂ 19 ਫਰਵਰੀ ਵਿਚਾਲੇ ਇਹ ਹਾਲਾਤ ਨਹੀਂ ਸੀ। ਈਸਟ ਬੰਗਾਲ ਦੇ ਸੀ. ਈ. ਓ. ਸੰਜੀਤ ਸੇਨ ਨੇ ਕਿਹਾ, ''ਸਾਨੂੰ ਏ. ਆਈ. ਐੱਫ. ਐੱਫ. ਨੇ ਅਜੇ ਤੱਕ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ। ਅਧਿਕਾਰਤ ਫੈਸਲੇ ਤੋਂ ਬਾਅਦ ਅਸੀਂ ਜ਼ਰੂਰੀ ਇੰਤਜ਼ਾਮ ਕਰਾਂਗੇ।''


Related News