ਡਸਟਿਨ ਨੇ 11 ਸ਼ਾਟ ਨਾਲ ਜਿੱਤਿਆ ਖਿਤਾਬ, ਫਿਰ ਬਣੇ ਨੰਬਰ 1 ਗੋਲਫਰ

Monday, Aug 24, 2020 - 11:50 PM (IST)

ਡਸਟਿਨ ਨੇ 11 ਸ਼ਾਟ ਨਾਲ ਜਿੱਤਿਆ ਖਿਤਾਬ, ਫਿਰ ਬਣੇ ਨੰਬਰ 1 ਗੋਲਫਰ

ਨੋਰਟਨ (ਅਮਰੀਕਾ)- ਅਮਰੀਕਾ ਦੇ ਡਸਟਿਨ ਜਾਨਸਨ ਨੇ ਖਰਾਬ ਮੌਸਮ ਦੇ ਬਾਵਜੂਦ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਐਤਵਾਰ ਨੂੰ ਇੱਥੇ ਨਾਰਦਰਨ ਟਰੱਸਟ ਪੀ. ਜੀ. ਏ. ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤਿਆ, ਜਿਸ ਨਾਲ ਉਹ ਫਿਰ ਤੋਂ ਵਿਸ਼ਵ ਰੈਂਕਿੰਗ 'ਚ ਨੰਬਰ ਇਕ ਗੋਲਫਰ ਬਣ ਗਏ ਹਨ। ਜਾਨਸਨ ਨੇ ਟੂਰਨਾਮੈਂਟ 'ਚ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀ. ਪੀ. ਸੀ. ਬੋਸਟਨ ਗੋਲਫ ਕੋਰਸ 'ਚ ਆਖਰੀ ਦੌਰ 'ਚ ਅੱਠ ਅੰਡਰ 63 ਦਾ ਕਾਰਡ ਖੇਡਿਆ ਤੇ ਕੁੱਲ 11 ਸ਼ਾਟ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੇ ਪਹਿਲੇ ਤਿੰਨ ਦੌਰ 'ਚ 60-64-63 ਦਾ ਸਕੋਰ ਬਣਾਇਆ ਸੀ। ਇਹ ਫਿਲ ਮਿਕੇਲਸਨ ਦੀ 2006 'ਚ ਟੀ. ਪੀ. ਸੀ. ਸੁਗਰਲੋਫ 'ਚ 13 ਸ਼ਾਟ ਨਾਲ ਜਿੱਤ ਤੋਂ ਬਾਅਦ ਜਿੱਤ ਦਾ ਸਭ ਤੋਂ ਵੱਡਾ ਅੰਤਰ ਹੈ। ਜਾਨਸਨ ਦਾ ਕੁੱਲ ਸਕੋਰ 30 ਅੰਡਰ 254 ਰਿਹਾ। 
ਉਹ ਪੀ. ਜੀ. ਏ. ਟੂਰ ਦੇ ਇਤਿਹਾਸ 'ਚ ਕੇਵਲ ਤੀਜੇ ਖਿਡਾਰੀ ਹਨ ਜਿਨ੍ਹਾਂ ਨੇ 30 ਅੰਡਰ ਜਾਂ ਇਸ ਤੋਂ ਬਿਹਤਰ ਸਕੋਰ ਦੇ ਨਾਲ ਅੰਤ ਕੀਤਾ। ਉਹ ਕੇਵਲ ਇਕ ਸ਼ਾਟ ਨਾਲ ਅਰਨੀ ਐੱਲਸ ਦਾ 2003 'ਚ ਕਾਪਲੁਆ 'ਚ ਬਣਾਏ ਗਏ ਰਿਕਾਰਡ ਦੀ ਬਰਾਬਰੀ ਕਰਨ ਤੋਂ ਖੁੰਝ ਗਏ। ਜੋਰਡਨ ਸਪੀਥ ਨੇ ਵੀ 2016 'ਚ ਕਾਪਲੁਆ 'ਚ 30 ਅੰਡਰ ਦਾ ਸਕੋਰ ਬਣਾਇਆ ਸੀ। ਅਮਰੀਕਾ ਦੇ ਹੀ ਹੈਰਿਸ ਇੰਗਲਿਸ਼ ਨੇ ਆਖਰੀ ਦੌਰ 'ਚ ਦੋ ਅੰਡਰ ਦਾ ਸਕੋਰ ਬਣਾਇਆ ਤੇ ਜਾਨਸਨ ਨਾਲ 11 ਸ਼ਾਟ ਪਿੱਛ ਦੂਜੇ ਸਥਾਨ 'ਤੇ ਰਹੇ।


author

Gurdeep Singh

Content Editor

Related News