ਅੱਜ ਆਹਮੋ-ਸਾਹਮਣੇ ਹੋਣਗੇ ਬੈਂਗਲੁਰੂ ਤੇ ਮੁੰਬਈ; ਵਿਰਾਟ ਕੋਲ ਆਲੋਚਕਾਂ ਨੂੰ ਸ਼ਾਂਤ ਕਰਨ ਦਾ ਸੁਨਹਿਰੀ ਮੌਕਾ
Monday, Sep 28, 2020 - 06:10 PM (IST)

ਦੁਬਈ : ਆਪਣੀ ਖਰਾਬ ਫਾਰਮ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆਏ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਸੋਮਵਾਰ ਨੂੰ ਇਥੇ ਰੋਹਿਕ ਸ਼ਰਮਾ ਦੀ ਕਪਤਾਨੀ ਵਾਲੀ ਸਾਬਕਾ ਚੈਂਪੀਅਨ ਟੀਮ ਮੁੰਬਈ ਇੰਡੀਅਨਜ਼ ਵਿਰੁੱਧ ਹੋਣ ਵਾਲੀ ਆਈ.ਪੀ.ਐੱਲ ਮੁਕਾਬਲੇ 'ਚ ਆਪਣੀ ਫਾਰਮ ਸਾਬਤ ਕਰਨੀ ਪਵੇਗੀ ਤੇ ਆਲੋਚਕਾਂ ਨੂੰ ਵੀ ਸ਼ਾਂਤ ਕਰਨਾ ਪਵੇਗਾ।
ਭਾਰਤੀ ਰਨ ਮਸ਼ੀਨ ਤੇ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਵਿਰਾਟ ਆਈ.ਪੀ.ਐੱਲ. ਦੇ ਸ਼ੁਰੂਆਤੀ ਦੌਰ 'ਚ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਜ਼ਿਆਦਾ ਹੋਰਨਾਂ ਕਾਰਣਾਂ ਨਾਲ ਚਰਚਾ 'ਚ ਬਣਿਆ ਹੋਇਆ ਹੈ। ਵਿਰਾਟ ਲਈ ਇਹ 8ਵਾਂ ਸੈਸ਼ਨ ਹੈ ਜਦੋਂ ਉਹ ਬੈਂਗਲੁਰੂ ਦੀ ਕਪਤਾਨੀ ਸੰਭਾਲ ਰਿਹਾ ਹੈ। ਉਸ ਦੀ ਟੀਮ ਨੇ ਆਈ.ਪੀ.ਐੱਲ. 'ਚ ਜੇਤੂ ਸ਼ੁਰੂਆਤ ਕੀਤੀ ਸੀ ਪਰ ਵਿਰਾਟ ਨੇ ਆਪਣੇ ਬੱਲੇ ਨਾਲ ਅਜੇ ਤਕ ਨਿਰਾਸ਼ ਕੀਤਾ ਹੈ। ਵਿਰਾਟ ਨੇ ਪਹਿਲੇ ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਵਾਦ ਵਿਰੁੱਧ 13 ਦੌੜਾਂ ਬਣਾਈਆਂ ਸਨ ਜਦਤਿ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਉਹ ਸਿਰਫ਼ ਇਕ ਦੌੜ ਬਣਾ ਕੇ ਆਊਟ ਹੋ ਗਿਆ ਸੀ।
ਵਿਰਾਟ ਨੇ ਪੰਜਾਬ ਵਿਰੁੱਧ ਸਿਰਫ਼ ਬੱਲੇ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਨਹੀਂ ਕੀਤਾ ਸੀ ਸਗੋਂ ਉਸ ਦੇ ਵਿਰੋਧੀ ਕਪਤਾਨ ਲੋਕੇਸ਼ ਰਾਹੁਲ ਦਾ ਦੋ ਵਾਰ ਕੈਚ ਛੱਡਿਆ ਸੀ ਜਦਕਿ ਉਹ ਖ਼ੁਦ ਸਿਰਫ਼ ਇਕ ਦੌੜ ਬਣਾ ਕੇ ਆਊਟ ਹੋਇਆ ਸੀ। ਬੈਂਗਲੁਰੂ ਦੀ ਟੀਮ ਇਹ ਮੈਚ 97 ਦੌੜਾਂ ਦੇ ਵੱਡੇ ਫ਼ਰਕ ਨਾਲ ਹਾਰੀ ਸੀ। ਵਿਰਾਟ ਦੇ ਇਸ ਪ੍ਰਦਰਸ਼ਨ 'ਤੇ ਕੁਮੈਂਟਰੀ ਕਰ ਰਹੇ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਇਹ ਟਿੱਪਣੀ ਕਰ ਦਿੱਤੀ ਸੀ, 'ਵਿਰਾਟ ਨੂੰ ਪਤਾ ਸੀ ਕਿ ਜਿੰਨਾ ਉਹ ਅਭਿਆਸ ਕਰੇਗਾਸ ਓਨਾ ਹੀ ਉਸ 'ਚ ਸੁਧਾਰ ਹੋਵੇਗਾ ਪਰ ਕੋਰੋਨਾ ਦੇ ਕਾਰਨ ਦੇਸ਼ 'ਚ ਲੱਗੀ ਤਾਲਾਬੰਗੀ 'ਚ ਉਸ ਸਮੇਂ ਉਸ ਨੇ ਸਿਰਫ਼ ਅਨੁਸ਼ਕਾ ਦੀ ਗੇਂਦਬਾਜ਼ੀ 'ਚੇ ਅਭਿਆਸ ਕੀਤਾ। ਇਸ ਨਾਲ ਉਸ ਨੂੰ ਕੋਈ ਮਦਦ ਨਹੀਂ ਮਿਲ ਸਕਦੀ ਸੀ।''
ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਗਾਵਸਕਰ ਦੀ ਟਿੱਪਣੀ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਪਲਟਵਾਰ ਕਰਦਿਆਂ ਕਿਹਾ 'ਗਾਵਸਕਰ ਜੀ ਤੁਹਾਡੀ ਇਤਾਜ਼ਯੋਗ ਟਿੱਪਣੀ ਹੈ ਪਰ ਮੈਂ ਜਾਨਣਾ ਚਾਹੁੰਦੀ ਹਾਂ ਕਿ ਕਿਸੇ ਦੇ ਪਤੀ ਦੀ ਖੇਡ ਦੇ ਕਾਰਣ ਤੁਸੀਂ ਉਸ ਦੀ ਪਤਨੀ ਨੂੰ ਨਿਸ਼ਾਨਾ ਕਿਉਂ ਬਣਾ ਰਹੇ ਹੋ। ਮੈਨੂੰ ਯਕੀਨ ਹੈ ਕਿ ਤੁਸੀਂ ਇੰਨੇ ਸਾਲਾਂ 'ਚ ਕੁਮੈਂਟਰੀ ਕਰਦੇ ਹੋਏ ਕ੍ਰਿਕਟਰ ਦੀ ਨਿੱਜੀ ਜ਼ਿੰਦਗੀ ਦਾ ਸਨਮਾਨ ਕੀਤਾ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਹੈ ਕਿ ਸਾਡੇ ਨਾਲ ਵੀ ਸਨਮਾਨ ਵਰਤਾਓ ਕਰਨਾ ਚਾਹੀਦਾ ਸੀ।''
ਇਹ ਮਾਮਲਾ ਚੰਦ ਘੰਟਿਆ 'ਚ ਹੀ ਇੰਨਾ ਵੱਡਾ ਵਿਵਾਦ ਬਣ ਗਿਆ ਕਿ ਗਾਵਸਕਰ ਨੂੰ ਆਪਣੀ ਸਫ਼ਾਈ ਦੇਣੀ ਪੈ ਗਈ। ਮਾਮਲਾ ਵੱਧਦਾ ਵੇਖ ਗਾਵਸਕਰ ਨੇ ਚੇਨੱਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਸ਼ੁੱਕਰਵਾਰ ਮੁਕਾਬਲੇ ਦੌਰਾਨ ਸਫ਼ਾਈ ਦਿੰਦੇ ਹੋਏ ਕਿਹਾ ਕਿ 'ਮੈਂ ਵਿਰਾਟ ਤੇ ਅਨੁਸ਼ਕਾ ਦੀ ਵੀਡੀਓ ਦੇਖੀ, ਜਿਸ 'ਚ ਅਨੁਸ਼ਕਾ ਗੇਂਦਬਾਜ਼ੀ ਕਰ ਰਹੀ ਸੀ। ਮੇਰਾ ਬਿਆਨ ਇਸੇ ਸਬੰਧ 'ਚ ਸੀ। ਜਿਸ ਨੇ ਇਸ ਨੂੰ ਮੁੱਦਾ ਬਣਾਇਆ ਮੈਂ ਉਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪਹਿਲਾਂ ਗੱਲ ਨੂੰ ਪੂਰੀ ਤਰ੍ਹਾਂ ਸੁਣੇ ਫਿਰ ਆਪਣੇ ਵਿਚਾਰ ਦੇਵੇ। ਮੈਂ ਕੁਝ ਵੀ ਗਲਤ ਨਹੀਂ ਕੀਤਾ।''
ਵਿਰਾਟ ਨੇ ਇਸ ਪੂਰੇ ਮਾਮਲੇ 'ਤੇ ਆਪਣੇ ਵਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਮੁੰਬਈ ਵਿਰੁੱਧ ਹੋਣ ਵਾਲੇ ਮੁਕਾਬਲੇ 'ਚ ਉਸ ਨੂੰ ਬੱਲੇ ਨਾਲ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਨਹੀਂ ਤਾਂ ਉਸ ਦੀ ਖ਼ਰਾਬ ਫਾਰਮ ਤੇ ਅਭਿਆਸ ਦੀ ਕਮੀ ਨੂੰ ਲੈ ਕੇ ਉੱਠੇ ਵਿਵਾਦ ਨੂੰ ਹੋਰ ਹਵਾ ਮਿਲੇਗੀ। ਵਿਰਾਟ ਜਾਣਦਾ ਹੈ ਕਿ ਉਸ ਦਾ ਮੁਕਾਬਲਾ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਉਪ ਕਪਤਾਨ ਤੇ 3 ਵਾਰ ਦੇ ਜੇਤੂ ਰੋਹਿਤ ਨਾਲ ਹੈ, ਜਿਹੜਾ ਪਹਿਲੇ ਮੈਚ'ਚ ਸਸਤੇ 'ਚ ਆਊਟ ਹੋਣ ਤੋਂ ਬਾਅਦ ਦੂਜੇ ਮੈਚ 'ਚ ਫਾਰਮ 'ਚ ਵਾਪਸੀ ਕਰ ਚੁੱਕਾ ਹੈ।
ਰੋਹਿਤ ਨੇ ਚੇਨੱਈ ਵਿਰੁੱਧ 10 ਗੇਂਦਾਂ 'ਚ 2 ਚੌਂਕਿਆ ਦੀ ਮਦਦ ਨਾਲ 12 ਦੌੜਾਂ ਬਣਾਈਆਂ ਸਨ ਪਰ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਰੋਹਿਤ ਨੇ 54 ਗੇਂਦਾਂ 'ਚ 3 ਚੌਂਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 80 ਦੌੜਾਂ ਦੀ ਧਮਾਕੇਦਾਰ ਮੈਚ ਜੇਤੂ ਪਾਰੀ ਖੇਡੀ ਸੀ। ਰੋਹਿਤ ਦੀ ਇਸ ਪਾਰੀ ਨਾਲ ਮੁੰਬਈ ਨੇ ਨਾਈਟ ਰਾਈਡਰਜ਼ ਨੂੰ ਇਕਪਾਸੜ ਅੰਦਾਜ਼ 'ਚ ਹਰਾਇਆ ਸੀ। ਮੁੰਬਈ ਦੀ ਟੀਮ ਆਪਣੇ ਕਪਤਾਨ ਦੀ ਫਾਰਮ ਦੀ ਵਾਪਸੀ ਤੋਂ ਉਤਸ਼ਾਹਿਤ ਹੈ ਜਦਕਿ ਬੈਂਗਲੁਰੂ ਨੂੰ ਆਪਣੇ ਕਪਤਾਨ ਵਿਰਾਟ ਤੋਂ ਵੱਡੀ ਪਾਰੀ ਦੀ ਲੋੜ ਹੋਵੇਗੀ।