IPL 2020: ਧੋਨੀ ਨੇ ਦੱਸਿਆ ਆਖ਼ਰ ਕਿਉਂ ਆਏ 7ਵੇਂ ਨੰਬਰ ''ਤੇ ਬੱਲੇਬਾਜ਼ੀ ਕਰਨ

9/23/2020 3:57:33 PM

ਦੁਬਈ: ਰਾਜਸਥਾਨ ਰਾਇਲਜ਼ ਨੇ ਚੇਨੱਈ ਸੁਪਰ ਕਿੰਗਜ਼  ਨੂੰ 16 ਦੌੜਾਂ ਨਾਲ ਹਰਾ ਕੇ ਜਿੱਤ ਦੇ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਪਹਿਲਾ ਬੱਲੇਬਾਜ਼ੀ ਦਾ ਮੌਕਾ ਮਿਲਣ 'ਤੇ ਰਾਜਸਥਾਨ ਰਾਇਲਜ਼ ਨੇ ਸੰਜੂ ਸੈਮਸਨ ਅਤੇ ਸਟੀਵ ਸਮਿਥ ਦੀ ਅਰਧ ਸੈਂਕੜੇ ਅਤੇ ਪਾਰੀ ਦੇ ਅੰਤ 'ਚ ਜੋਫਰਾ ਆਰਚਰ ਦੇ 8 ਗੇਂਦਾਂ 'ਤੇ 27 ਸਕੋਰਾਂ ਦੀ ਮਦਦ ਨਾਲ ਨਿਰਧਾਰਿਤ 20 ਓਵਰਾਂ 'ਚ ਸੱਤ ਵਿਕਟਾਂ 'ਤੇ 216 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਚੇਨੱਈ ਦੀ ਟੀਮ 200 ਦੌੜਾਂ ਹੀ ਬਣਾ ਸਕੀ। ਮੈਚ ਦੇ ਬਾਅਦ ਚੇਨੱਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਿਰੋਧੀ ਟੀਮ ਦੇ ਖੇਡ ਦੀ ਤਾਰੀਫ਼ ਕੀਤੀ ਅਤੇ ਨਾਲ ਹੀ ਆਪਣੀ ਬੱਲੇਬਾਜ਼ੀ ਕ੍ਰਮ 'ਤੇ ਵੀ ਚਰਚਾ ਕੀਤੀ। 

ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ' 217 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਨੂੰ ਚੰਗੀ ਸ਼ੁਰੂਆਤ ਦੀ ਜ਼ਰੂਰਤ ਸੀ ਜੋ ਇਸ 'ਚ ਨਹੀਂ ਹੋ ਸਕੀ। ਧੋਨੀ ਨੇ ਸੰਜੂ ਸੈਮਸਨ ਅਤੇ ਸਟੀਵ ਸਮਿਥ ਦੀ ਕਾਫ਼ੀ ਤਾਰੀਫ਼ ਕੀਤੀ। ਸੈਮਸਨ ਨੇ 74 ਅਤੇ ਸਮਿਥ ਨੇ 69 ਸਕੋਰਾਂ ਦੀ ਪਾਰੀ ਖੇਡੀ। ਸੈਮਸਨ ਨੇ ਸਿਰਫ਼ 19 ਗੇਦਾਂ 'ਤੇ ਅਰਧ ਸੈਂਕੜਾ ਪੂਰਾ ਕਰ ਲਿਆ ਸੀ। ਧੋਨੀ ਨੇ ਕਿਹਾ ਕਿ 'ਇਨ੍ਹਾਂ ਦੋਵਾਂ ਨੇ ਕਾਫ਼ੀ ਵਧੀਆ ਬੱਲੇਬਾਜ਼ੀ ਕੀਤੀ। ਇਸ ਤੋਂ ਇਲਾਵਾ ਸਾਨੂੰ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਵੀ ਜਿੱਤ ਦਾ ਸਿਹਰਾ ਦੇਣਾ ਪਵੇਗਾ। ਜਦੋਂ ਤੁਸੀਂ ਪਹਿਲੀ ਪਾਰੀ ਦੇਖ ਲੈਂਦੇ ਹੋ ਤਾਂ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਕਿਥੇ ਗੇਂਦਬਾਜ਼ੀ ਕਰਨੀ ਹੈ। 
PunjabKesari
ਧੋਨੀ ਨੇ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ 'ਮੈਂ ਕਾਫ਼ੀ ਲੰਮੇਂ ਸਮੇਂ ਤੋਂ ਬੱਲੇਬਾਜ਼ੀ ਨਹੀਂ ਕੀਤੀ ਹੈ। 14 ਦਿਨ ਦੇ ਇਕਾਂਤਵਾਸ ਨੇ ਕੰਮ ਹੋਰ ਮੁਸ਼ਕਲ ਕਰ ਦਿੱਤਾ। ਇਸ ਦੇ ਨਾਲ ਹੀ ਮੈਂ ਨਵੀਆਂ ਚੀਜ਼ਾਂ ਵੀ ਅਜਮਾਉਣਾ ਚਾਹੁੰਦਾ ਸੀ। ਸੈਮ (ਕਰਨ) ਨੂੰ ਮੌਕਾ ਦੇਣਾ ਚਾਹੁੰਦਾ ਸੀ।' ਇਸ ਮੈਚ 'ਚ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਧੋਨੀ ਨੇ ਕਿਹਾ ਕਿ 'ਤੁਹਾਡੇ ਕੋਲ ਅਲੱਗ ਚੀਜ਼ਾਂ ਅਜਮਾਉਣ ਦਾ ਮੌਕਾ ਹੁੰਦਾ ਹੈ। ਜੇਕਰ ਉਹ ਕੰਮ ਨਹੀਂ ਕਰਦਾ ਤਾਂ ਤੁਸੀਂ ਹਮੇਸ਼ਾ ਆਪਣੀ ਤਾਕਤ 'ਤੇ ਵਾਪਸ ਜਾ ਸਕਦੇ ਹੈ।' 

ਚੇਨੱਈ ਲਈ ਫਾਫ ਡੂ ਪਲੇਸਿਸ ਨੇ ਉਮੀਦਾਂ ਕਾਇਮ ਰੱਖੀਆਂ। ਉਨ੍ਹਾਂ ਨੇ 37 ਗੇਂਦਾਂ 'ਤੇ 1 ਚੌਕਾਂ ਅਤੇ 7 ਛੱਕਿਆਂ ਦੀ ਮਦਦ ਨਾਲ 72 ਦੌੜਾਂ ਬਣਾਈਆਂ। ਧੋਨੀ ਨੇ ਆਪਣੇ ਇਸ ਅਨੁਭਵੀ ਬੱਲੇਬਾਜ਼ ਦੇ ਬਾਰੇ ਕਿਹਾ ਕਿ ਫਾਫ ਨੇ ਵਧੀਆ ਬੱਲੇਬਾਜ਼ੀ ਕੀਤੀ ਹੈ। ਉਨ੍ਹਾਂ ਕਿਹ ਕਿ ਬੱਲੇਬਾਜ਼ ਸ਼ਾਇਦ ਉਨ੍ਹਾਂ ਤੋਂ ਸਿੱਖ ਲੈਣਗੇ।


Baljeet Kaur

Content Editor Baljeet Kaur