ਦ੍ਰਾਵਿੜ ਨੇ ਸ਼ਾਟਸ ਦੀ ਟਾਈਮਿੰਗ ਨੂੰ ਲੈ ਕੇ ਪੰਤ ਨਾਲ ਗੱਲ ਕਰਨ ਦੇ ਦਿੱਤੇ ਸੰਕੇਤ
Friday, Jan 07, 2022 - 12:20 PM (IST)
ਜੋਹਾਨਸਬਰਗ- ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੋਂ ਉਨ੍ਹਾਂ ਦੇ ਸ਼ਾਟਸ ਦੀ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਹੈ। ਉਹ ਦੱਖਣੀ ਅਫ਼ਰੀਕਾ ਖ਼ਿਲਾਫ਼ ਦੂਜੇ ਟੈਸਟ ਦੀ ਦੂਜੀ ਪਾਰੀ 'ਚ ਗ਼ੈਰ ਜ਼ਿੰਮੇਦਾਰਾਨਾ ਸਲਾਗ ਸ਼ਾਟ ਖੇਡ ਕੇ ਆਊਟ ਹੋਏ ਸਨ। ਦੂਜੇ ਟੈਸਟ 'ਚ ਭਾਰਤ ਦੀ 7 ਵਿਕਟਾਂ ਦੀ ਹਾਰ ਦੇ ਬਾਅਦ ਦ੍ਰਾਵਿੜ ਨੇ ਕਿਹਾ ਕਿ ਉਹ ਹਮੇਸ਼ਾ ਚਾਹੁੰਦੇ ਹਨ ਕਿ ਪੰਤ ਹਾਂ-ਪੱਖੀ ਕ੍ਰਿਕਟ ਖੇਡੇ ਪਰ ਸ਼ਾਟਸ ਦੀ ਚੋਣ ਬਿਹਤਰ ਹੋ ਸਕਦੀ ਹੈ।
ਇਹ ਵੀ ਪੜ੍ਹੋ : ਘਰੇਲੂ ਟੂਰਨਾਮੈਂਟ ਮੁਲਤਵੀ ਹੋਣ ਮਗਰੋਂ ਸੌਰਵ ਗਾਂਗੁਲੀ ਨੇ ਕਿਹਾ, ਬੋਰਡ ਸੋਧੀ ਹੋਈ ਯੋਜਨਾ ਬਣਾਏਗਾ
ਉਨ੍ਹਾਂ ਕਿਹਾ, 'ਅਸੀਂ ਜਾਣਦੇ ਹਾਂ ਕਿ ਰਿਸ਼ਭ ਪੰਤ ਹਾਂ-ਪੱਖੀ ਕ੍ਰਿਕਟ ਖੇਡਦਾ ਹੈ ਤੇ ਉਸ ਦਾ ਆਪਣਾ ਇਕ ਸਟਾਈਲ ਹੈ ਜਿਸ ਨਾਲ ਉਸ ਨੂੰ ਕੁਝ ਸਫਲਤਾ ਵੀ ਮਿਲੀ ਹੈ। ਪਰ ਕਈ ਵਾਰ ਉਸ ਨਾਲ ਇਸ ਬਾਰੇ 'ਚ ਗੱਲ ਕਰਨੀ ਜ਼ਰੂਰੀ ਹੁੰਦੀ ਹੈ। ਖ਼ਾਸ ਤੌਰ 'ਤੇ ਸ਼ਾਟਸ ਦੀ ਚੋਣ ਨੂੰ ਲੈ ਕੇ।' ਦ੍ਰਾਵਿੜ ਨੇ ਕਿਹਾ, 'ਕੋਈ ਉਨ੍ਹਾਂ ਤੋਂ ਇਹ ਕਹਿਣ ਨਹੀਂ ਜਾ ਰਿਹਾ ਹੈ ਕਿ ਹਾਂ-ਪੱਖੀ ਕ੍ਰਿਕਟ ਨਾ ਖੇਡੋ ਜਾਂ ਹਮਲਾਵਰ ਬੱਲੇਬਾਜ਼ੀ ਨਾ ਕਰੋ ਪਰ ਕਈ ਵਾਰ ਅਜਿਹਾ ਕਰਨ ਲਈ ਸਹੀ ਸਮਾਂ ਚੁਣਨ ਦੀ ਗੱਲ ਹੁੰਦੀ ਹੈ।'
ਭਾਰਤ ਲਈ 164 ਟੈਸਟ ਖੇਡ ਚੁੱਕੇ ਦ੍ਰਾਵਿੜ ਨੇ ਕਿਹਾ ਕਿ ਪੰਤ ਤੇਜ਼ੀ ਨਾਲ ਮੈਚ ਦਾ ਰੁਖ਼ ਬਦਲ ਸਕਦਾ ਹੈ। ਉਨ੍ਹਾਂ ਕਿਹਾ, 'ਕ੍ਰੀਜ 'ਤੇ ਖ਼ੁਦ ਨੂੰ ਥੋੜ੍ਹਾ ਹੋਰ ਸਮਾਂ ਦੇਣਾ ਜ਼ਰੂਰੀ ਹੈ। ਉਹ ਕਾਫ਼ੀ ਹਾਂ-ਪੱਖੀ ਖਿਡਾਰੀ ਹੈ ਤੇ ਮੈਚ ਦਾ ਰੁਖ਼ ਤੇਜ਼ੀ ਨਾਲ ਬਦਲ ਸਕਦਾ ਹੈ। ਅਸੀਂ ਉਸ ਨੂੰ ਇਹ ਬਦਲਣ ਲਈ ਨਹੀਂ ਕਹਾਂਗੇ। ਪਰ ਕਈ ਵਾਰ ਇਹ ਪਤਾ ਕਰਨਾ ਜ਼ਰੂਰੀ ਹੁੰਦਾ ਹੈ ਕਿ ਹਮਲਾਵਰ ਕ੍ਰਿਕਟ ਖੇਡਣ ਦਾ ਸਹੀ ਸਮਾਂ ਕੀ ਹੈ। ਉਹ ਸਿੱਖ ਰਿਹਾ ਹੈ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।