IPL ਨਹੀਂ ਖੇਡੇਗਾ ਰਿਚਰਡਸਨ, ਕਾਰਨ ਜਾਣ ਹੋ ਜਾਵੋਗੇ ਇਸ ਖਿਡਾਰੀ ਦੇ ਮੁਰੀਦ
Thursday, Sep 03, 2020 - 11:16 PM (IST)

ਮੈਲਬੋਰਨ– ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦਾ ਕਹਿਣਾ ਹੈ ਕਿ ਉਹ ਆਪਣੇ ਪਹਿਲੇ ਬੱਚੇ ਦਾ ਜਨਮ ਮਿਸ ਨਹੀਂ ਕਰਨਾ ਚਾਹੁੰਦਾ, ਇਸ ਲਈ ਉਸ ਨੇ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਵਿਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਰਿਚਰਡਸਨ ਦੇ ਫੈਸਲੇ ਤੋਂ ਬਾਅਦ ਰਾਇਲ ਚੈਲੰਜ਼ਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਰਿਚਰਡਸਨ ਦੀ ਜਗ੍ਹਾ ਆਸਟਰੇਲੀਆਈ ਲੈੱਗ ਸਪਿਨਰ ਐਡਮ ਜਾਂਪਾ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤਕ ਹੋਣਾ ਹੈ। ਰਿਚਰਡਸਨ ਨੇ ਕਿਹਾ,‘‘ਆਈ. ਪੀ. ਐੱਲ. ਵਰਗੀ ਪ੍ਰਤੀਯੋਗਿਤਾ ਤੋਂ ਹਟਣਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ। ਇਹ ਦੁਨੀਆ ਦੀ ਚੋਟੀ ਦੀ ਘਰੇਲੂ ਪ੍ਰਤੀਯੋਗਿਤਾ ਹੈ, ਇਸ ਲਈ ਇਹ ਆਸਾਨ ਫੈਸਲਾ ਨਹੀਂ ਸੀ ਪਰ ਜਦੋਂ ਮੈਂ ਬੈਠ ਕੇ ਇਸ ਦੇ ਬਾਰੇ ਵਿਚ ਸੋਚਿਆ ਤੇ ਦੁਨੀਆ ਵਿਚ ਇਸ ਸਮੇਂ ਜਿਹੋ ਜਿਹਾ ਮਾਹੌਲ ਹੈ, ਮੈਨੂੰ ਅਜਿਹਾ ਵਿਚ ਇਹ ਹੀ ਸਹੀ ਲੱਗਾ।‘‘
ਉਸ ਨੇ ਕਿਹਾ,‘ਦੁਨੀਆ ਅਜੇ ਜਿਸ ਦੌਰ ਵਿਚੋਂ ਲੰਘ ਰਹੀ ਹੈ, ਅਜਿਹੇ ਵਿਚ ਸਹੀ ਸਮੇਂ ‘ਤੇ ਘਰ ਪਹੁੰਚਣ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਹੈ ਤੇ ਮੈਂ ਆਪਣੇ ਬੱਚੇ ਦੇ ਜਨਮ ਦੇ ਸਮੇਂ ਬਾਹਰ ਨਹੀਂ ਰਹਿਣਾ ਚਾਹੁੰਦਾ ਸੀ। ਆਈ. ਪੀ. ਐੱਲ. ਵਿਚ ਨਾ ਖੇਡ ਸਕਣਾ ਨਿਰਾਸ਼ਾਜਨਕ ਹੈ ਪਰ ਉਮੀਦ ਹੈ ਕਿ ਇਸਦੇ ਲਈ ਅੱਗੇ ਵੀ ਮੌਕੇ ਮਿਲਣਗੇ। ਮੈਂ ਆਪਣੇ ਪਹਿਲੇ ਬੱਚੇ ਦੇ ਜਨਮ ਨੂੰ ਮਿਸ ਨਹੀਂ ਕਰਨਾ ਚਾਹੁੰਦਾ।‘‘