ਥੀਏਮ ਦਾ ATP ਫਾਈਨਲਜ਼ 'ਚ ਜਲਵਾ ਬਰਕਰਾਰ, ਜੋਕੋਵਿਚ ਨੂੰ ਹਰਾ ਕੇ ਸੈਮੀਫਾਈਨਲ 'ਚ ਬਣਾਈ ਜਗ੍ਹਾ
Wednesday, Nov 13, 2019 - 04:05 PM (IST)

ਸਪੋਰਟਸ ਡੈਸਕ— ਆਸਟਰੀਆ ਦੇ ਡੋਮਿਨਿਕ ਥਿਏਮ ਨੇ ਵਰਲਡ ਨੰਬਰ-2 ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਇੱਥੇ ਜਾਰੀ ਏ. ਟੀ. ਪੀ. ਵਰਲਡ ਟੂਰ ਫਾਈਨਲਜ਼ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਥਿਏਮ ਨੇ ਇਕ ਬੇਹੱਦ ਰੋਮਾਂਚਕ ਮੈਚ 'ਚ ਇਕ ਸੈੱਟ ਤੋਂ ਪਿਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ 6-7, 6-3,7-6 ਨਾਲ ਜਿੱਤ ਦਰਜ ਕੀਤੀ।
ਥਿਏਮ ਇਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪੁੱਜਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਪਿਛਲੇ ਮੈਚ 'ਚ ਸਵਿਟਜ਼ਰਲੈਂਡ ਦੇ ਮਹਾਨ ਖਿਡਾਰੀ ਰੋਜ਼ਰ ਫੈਡਰਰ ਨੂੰ ਹਰਾਇਆ ਸੀ। ਜੋਕੋਵਿਚ ਖਿਲਾਫ ਥਿਏਮ ਦੀ ਸ਼ੁਰੂਆਤ ਖ਼ਰਾਬ ਰਹੀ। ਪਹਿਲੇ ਸੈੱਟ 'ਚ ਜੋਕੋਵਿਚ ਨੇ ਬਿਹਤਰੀਨ ਗਰਾਊਂਡ ਸਟ੍ਰੋਕਸ ਲਗਾਏ ਅਤੇ ਮੁਕਾਬਲਾ ਟਾਈ-ਬ੍ਰੇਕਰ 'ਚ ਗਿਆ। ਸਰਬੀਆਈ ਖਿਡਾਰੀ ਥਿਏਮ 'ਤੇ ਭਾਰੀ ਪਿਆ ਅਤੇ ਟਾਈ- ਬਰੇਕਰ ਨੂੰ 7-5 ਨਾਲ ਆਪਣੇ ਨਾਂ ਕੀਤਾ।
ਦੂਜੇ ਸੈੱਟ 'ਚ ਥਿਏਮ ਨੇ ਵਾਪਸੀ ਕੀਤੀ ਅਤੇ 6-3 ਦੇ ਫਰਕ ਨਾਲ ਆਸਾਨੀ ਨਾਲ ਜਿੱਤ ਦਰਜ ਕਰਦੇ ਹੋਏ ਮੁਕਾਬਲੇ ਨੂੰ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਥਿਏਮ ਤੀਜੇ ਸੈੱਟ ਨੂੰ ਵੀ ਟਾਈ-ਬਰੇਕਰ 'ਚ ਲੈ ਜਾਣ 'ਚ ਸਫਲ ਰਿਹਾ, ਜਿੱਥੇ ਉਸ ਨੇ 7-5 ਨਾਲ ਜਿੱਤ ਦਰਜ ਕੀਤੀ।