ਫਲੈਟ ਜਾ ਰਹੇ ਵਿਦਿਆਰਥੀ ਨੂੰ ਰਸਤੇ ’ਚ ਘੇਰ ਕੇ ਕੁੱਟਿਆ, ਪਰਚਾ

Thursday, Oct 16, 2025 - 12:21 PM (IST)

ਫਲੈਟ ਜਾ ਰਹੇ ਵਿਦਿਆਰਥੀ ਨੂੰ ਰਸਤੇ ’ਚ ਘੇਰ ਕੇ ਕੁੱਟਿਆ, ਪਰਚਾ

ਖਰੜ (ਰਣਬੀਰ) : ਨਜ਼ਦੀਕੀ ਵਿੱਦਿਅਕ ਸੰਸਥਾ ਦੇ ਵਿਦਿਆਰਥੀ ’ਤੇ ਨੌਜਵਾਨਾਂ ਦੇ ਗਰੁੱਪ ਨੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਘਟਨਾ ਉਸ ਸਮੇਂ ਵਾਪਰੀ, ਜਦੋਂ ਮਾਨਵ ਸਾਹਨੀ ਦੋਸਤ ਹਰਸ਼ਵਰਧਨ ਸਿੰਘ ਤੇ ਸੱਤਿਆਜੀਤ ਗੁਪਤਾ ਨਾਲ ਭਾਗੋਮਾਜਰਾ ਸਥਿਤ ਫਲੈਟ ਵੱਲ ਐਕਟਿਵਾ ’ਤੇ ਜਾ ਰਿਹਾ ਸੀ। ਜਿਵੇਂ ਹੀ ਹਾਈਵੇ ’ਤੇ ਨਵੇਂ ਪੁਲ ਨੂੰ ਪਾਰ ਕਰ ਰਹੇ ਸਨ ਤਾਂ ਬੁਲੇਟ ਸਵਾਰ ਤਿੰਨ ਨੌਜਵਾਨਾਂ ਨੇ ਐਕਟਿਵਾ ਨੂੰ ਰੋਕਿਆ ਤੇ ਹਮਲਾ ਕਰ ਦਿੱਤਾ। ਕੁਝ ਹੋਰ ਨੌਜਵਾਨ ਸਕੂਟਰਾਂ ’ਤੇ ਪਿੱਛੋਂ ਆ ਗਏ ਤੇ ਸਾਰਿਆਂ ਨੇ ਦੋਸਤਾਂ ਨਾਲ ਕੁੱਟਮਾਰ ਕੀਤੀ।

ਹਮਲੇ ’ਚ ਮਾਨਵ ਦੇ ਸਿਰ, ਨੱਕ ਤੇ ਬਾਂਹ ’ਤੇ ਸੱਟਾਂ ਲੱਗੀਆਂ। ਪੀੜਤ ਨੇ ਦੱਸਿਆ ਕਿ ਹਮਲਾਵਰਾਂ ’ਚ ਅੰਸ਼ (ਪਠਾਨਕੋਟ), ਯਸ਼ ਚੌਹਾਨ (ਪਾਣੀਪਤ), ਮੁਕੁਲ ਸੈਣੀ ਤੇ ਲਕਸ਼ੈ ਨਰੂਲਾ (ਉੱਤਰ ਪ੍ਰਦੇਸ਼) ਸ਼ਾਮਲ ਸਨ। ਮੁਲਜ਼ਮਾਂ ਨੇ ਉਨ੍ਹਾਂ ’ਤੇ ਡੰਡਿਆਂ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਕੁੱਝ ਨੌਜਵਾਨਾਂ ਨੇ ਹਥਿਆਰ ਅਤੇ ਤਲਵਾਰਾਂ ਕੱਢ ਲਈਆਂ। ਮਾਨਵ ਕਿਸੇ ਤਰ੍ਹਾਂ ਭੱਜਣ ’ਚ ਕਾਮਯਾਬ ਹੋ ਗਿਆ ਤੇ ਦੋਸਤਾਂ ਦੀ ਮਦਦ ਨਾਲ ਸੀ.ਯੂ. ਡਿਸਪੈਂਸਰੀ ਤੇ ਫਿਰ ਫ਼ੇਜ਼-6 ਸਿਵਲ ਹਸਪਤਾਲ ਪਹੁੰਚਿਆ।

ਉੱਥੋਂ ਸੈਕਟਰ-71 ਦੇ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਤੇ ਉੱਥੋਂ ਜੀ. ਐੱਮ. ਸੀ. ਐੱਚ. ਸੈਕਟਰ-32 ਚੰਡੀਗੜ੍ਹ ਭੇਜਿਆ ਗਿਆ, ਜਿੱਥੇ ਜੇਰੇ ਇਲਾਜ ਹੈ। ਪੀੜਤ ਨੇ ਦੱਸਿਆ ਕਿ ਹਮਲਾ ਲਕਸ਼ੈ ਨਰੂਲਾ ਨੇ ਕਰਵਾਇਆ ਸੀ, ਜਿਸ ਨਾਲ ਪਹਿਲਾਂ ਝਗੜਾ ਹੋਇਆ ਸੀ। ਪੁਲਸ ਨੇ ਅੰਸ਼, ਯਸ਼ ਚੌਹਾਨ, ਮੁਕੁਲ ਸੈਣੀ, ਲਕਸ਼ੈ ਨਰੂਲਾ ਤੇ 6 ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਘੜੂੰਆਂ ਥਾਣੇ ਦੇ ਏ. ਐੱਸ. ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News