ਜੋਕੋਵਿਚ ਮੈਰਾਥਨ ਸੰਘਰਸ਼ ’ਚ ਜਿੱਤਿਆ, ਹਾਲੇਪ ਤੇ ਸੇਰੇਨਾ ਚੌਥੇ ਦੌਰ ’ਚ

Saturday, Feb 13, 2021 - 01:25 AM (IST)

ਮੈਲਬੋਰਨ (ਯੂ. ਐੱਨ.ਆਈ.) – ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ 8 ਵਾਰ ਦੇ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਸ਼ੁੱਕਰਵਾਰ ਨੂੰ ਤੀਜੇ ਦੌਰ ਦੇ ਮੁਕਾਬਲੇ ਵਿਚ 31ਵੀਂ ਰੈਂਕਿੰਗ ਦੇ ਅਮਰੀਕੀ ਖਿਡਾਰੀ ਟੇਲਰ ਫ੍ਰਿਟਜ ਨੂੰ ਹਰਾਉਣ ਲਈ ਪੰਜ ਸੈੱਟਾਂ ਤਕ ਸੰਘਰਸ਼ ਕਰਨਾ ਪਿਆ। ਹਾਲਾਂਕਿ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਤੇ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਮਹਿਲਾ ਵਰਗ ਵਿਚ ਆਪਣੇ ਮੁਕਾਬਲੇ ਲਗਾਤਾਰ ਸੈੱਟਾਂ ਵਿਚ ਜਿੱਤ ਕੇ ਚੌਥੇ ਦੌਰ ਵਿਚ ਪ੍ਰਵੇਸ਼ ਕਰ ਲਿਆ।

ਸਾਬਕਾ ਦੋ ਵਾਰ ਦੇ ਜੇਤੂ ਤੇ ਟਾਪ ਸੀਡ ਜੋਕੋਵਿਚ ਨੇ 27ਵੀਂ ਸੀਡ ਫ੍ਰਿਟਜ ਨੂੰ 3 ਘੰਟੇ 25 ਮਿੰਟ ਤਕ ਚੱਲੇ ਮੁਕਾਬਲੇ ਵਿਚ 7-6 (1), 6-4, 3-6, 4-6, 6-2 ਨਾਲ ਹਰਾ ਕੇ ਚੌਥੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਜੋਕੋਵਿਚ ਨੇ ਪਹਿਲੇ ਦੋ ਸੈੱਟ ਜਿੱਤ ਲਏ ਸਨ ਤੇ ਆਸਾਨ ਜਿੱਤ ਵੱਲ ਵਧ ਰਿਹਾ ਸੀ ਪਰ ਅਮਰੀਕੀ ਖਿਡਾਰੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋ ਸੈੱਟ ਜਿੱਤ ਕੇ ਮੁਕਾਬਲੇ ਨੂੰ ਰੋਮਾਂਚਕ ਬਣਾ ਦਿੱਤਾ। ਜੋਕੋਵਿਚ ਨੇ ਫੈਸਲਾਕੁੰਨ ਸੈੱਟ ਵਿਚ ਆਪਣੀ ਖੇਡ ਦੇ ਪੱਧਰ ਨੂੰ ਉੱਚਾ ਚੁੱਕਦੇ ਹੋਏ ਇਸ ਨੂੰ 6-2 ਨਾਲ ਜਿੱਤ ਕੇ ਫ੍ਰਿਟਜ ਦਾ ਸੰਘਰਸ਼ ਖਤਮ ਕਰ ਦਿੱਤਾ।

ਜੋਕੋਵਿਚ ਦਾ ਚੌਥੇ ਰਾਊਂਡ ਵਿਚ 14ਵੀਂ ਸੀਡ ਕੈਨੇਡਾ ਦੇ ਮਿਲੋਸ ਰਾਓਨਿਕ ਨਾਲ ਮੁਕਾਬਲਾ ਹੋਵੇਗਾ। ਤੀਜੀ ਸੀਡ ਆਸਟਰੇਲੀਆ ਦੇ ਡੋਮਿਨਿਕ ਥਿਏਮ ਨੇ ਆਸਟਰੇਲੀਆ ਦੇ ਨਿਕ ਕ੍ਰਿਗਿਓਸ ਨੂੰ 4-6, 4-6, 6-3, 6-4, 6-4 ਨਾਲ ਹਰਾਇਆ। ਥਿਏਮ ਦਾ ਅਗਲਾ ਮੁਕਾਬਲਾ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨਾਲ ਹੋਵੇਗਾ।

ਇਸ ਤੋਂ ਪਹਿਲਾਂ ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਤੇ ਦੂਜੀ ਸੀਡ ਹਾਲੇਪ ਨੇ ਰੂਸ ਦੀ ਵੇਰੋਨਿਕਾ ਕੁਦਰਮੇਤੋਵਾ ਨੂੰ 6-1, 6-3 ਨਾਲ ਹਰਾ ਕੇ ਲਗਾਤਾਰ ਚੌਥੇ ਸਾਲ ਚੌਥੇ ਦੌਰ ਵਿਚ ਜਗ੍ਹਾ ਬਣਾ ਲਈ। ਹਾਲੇਪ ਨੇ ਦੋਵੇਂ ਸੈੱਟ ਵਿਚ ਵਿਰੋਧੀ ਖਿਡਾਰਨ ਦੀ 3-3 ਵਾਰ ਸਰਵਿਸ ਤੋੜੀ। ਹਾਲਾਂਕਿ ਉਸ ਨੇ ਦੋ ਵਾਰ ਆਪਣੀ ਵੀ ਸਰਵਿਸ ਗੁਆਈ।

ਆਪਣੇ 24ਵੇਂ ਗ੍ਰੈਂਡ ਸਲੈਮ ਖਿਤਾਬ ਦੀ ਭਾਲ ਵਿਚ ਲੱਗੀ ਲੀਜੈਂਡ ਸੇਰੇਨਾ ਨੇ ਰੂਸ ਦੀ ਅੈਨਸਤਾਸੀਆ ਪੋਤਾਪੋਵਾ ਨੂੰ 7-6 (5), 6-2 ਨਾਲ ਹਰਾ ਕੇ ਚੌਥੇ ਦੌਰ ਵਿਚ ਜਗ੍ਹਾ ਬਣਾ ਲਈ। ਸੇਰੇਨਾ ਮੈਲਬੋਰਨ ਵਿਚ ਸੱਤ ਵਾਰ ਜੇਤੂ ਰਹਿ ਚੁੱਕੀ ਹੈ। ਯੂ. ਐੱਸ. ਓਪਨ ਚੈਂਪੀਅਨ ਤੇ ਤੀਜੀ ਸੀਡ ਜਾਪਾਨ ਦੀ ਨਾਓਮੀ ਓਸਾਕਾ ਨੇ ਵੀ ਚੌਥੇ ਦੌਰ ਵਿਚ ਸਥਾਨ ਬਣਾ ਲਿਆ ਹੈ। ਓਸਾਕਾ ਨੇ ਤੀਜੇ ਦੌਰ ਵਿਚ ਟਿਊਨੀਸ਼ੀਆ ਦੀ ਓਂਸ ਜੇਬਾਰ ਨੂੰ 6-3, 6-2 ਨਾਲ ਹਰਾ ਦਿੱਤਾ।

ਹੋਰਨਾਂ ਮੁਕਾਬਲਿਆਂ ਵਿਚ ਪੁਰਸ਼ ਵਰਗ ਵਿਚ ਛੇਵੀਂ ਸੀਡ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ ਫਰਾਂਸ ਦੇ ਐਂਡ੍ਰਿਨ ਮੇਨੇਰਿਨੋ ਨੂੰ 6-3, 6-3, 6-1 ਨਾਲ ਹਰਾਇਆ ਜਦਕਿ 18ਵੀਂ ਸੀਡ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੇ ਆਪਣੇ ਵਿਰੋਧੀ ਖਿਡਾਰੀ 15ਵੀਂ ਸੀਡ ਸਪੇਨ ਦੇ ਪਾਬਲੋ ਕਾਰੇਨੋ ਬੁਸਤਾ ਦੇ ਰਿਟਾਇਰ ਹੋਣ ਨਾਲ ਚੌਥੇ ਦੌਰ ਵਿਚ ਜਗ੍ਹਾ ਬਣਾ ਲਈ। ਬੁਸਤਾ ਨੇ ਜਦੋਂ ਮੈਚ ਛੱਡਿਆ, ਉਸ ਸਮੇਂ ਦਿਮਿਤ੍ਰੋਵ 6-0, 1-0 ਨਾਲ ਅੱਗੇ ਸਨ।

ਪੁਰਸ਼ ਵਰਗ ਦੇ ਇਕ ਹੋਰ ਵੱਡੇ ਉਲਟਫੇਰ ਵਿਚ ਅੱਠਵੀਂ ਸੀਡ ਅਰਜਨਟੀਨਾ ਦਾ ਡਿਆਗੋ ਸ਼ਾਰਟਜਮੈਨ ਇਕ ਕੁਆਲੀਫਾਇਰ ਹੱਥੋਂ ਹਾਰ ਕੇ ਬਾਹਰ ਹੋ ਗਿਆ। ਰੂਸੀ ਕੁਆਲੀਫਾਇਰ ਅਸਲਾਨ ਕਰਾਤਸੇਵ ਨੇ ਸ਼ਾਰਟਜਮੈਨ ਨੂੰ 6-3, 6-3, 6-3 ਨਾਲ ਹਰਾਇਆ। ਮਹਿਲਾਵਾਂ ਵਿਚ ਸੱਤਵੀਂ ਸੀਡ ਬੇਲਾਰੂਸ ਦੀ ਆਰੀਅਨ ਸਬਾਲੇਂਕਾ ਨੇ ਅਮਰੀਕਾ ਦੇ ਐੱਨ. ਲੀ ਨੂੰ 6-3, 6-1 ਨਾਲ ਹਰਾਇਆ। 14ਵੀਂ ਸੀਡ ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਵੀ ਚੌਥੇ ਦੌਰ ਵਿਚ ਜਗ੍ਹਾ ਬਣਾ ਲਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News