ਜੋਕੋਵਿਚ ਨੇ ਫੈਡਰਰ ਦੇ ਸਭ ਤੋਂ ਵੱਧ ਹਫਤੇ ਨੰਬਰ-1 ਬਣੇ ਰਹਿਣ ਦੇ ਰਿਕਾਰਡ ਦੀ ਕੀਤੀ ਬਰਾਬਰੀ
Thursday, Mar 18, 2021 - 02:53 AM (IST)
![ਜੋਕੋਵਿਚ ਨੇ ਫੈਡਰਰ ਦੇ ਸਭ ਤੋਂ ਵੱਧ ਹਫਤੇ ਨੰਬਰ-1 ਬਣੇ ਰਹਿਣ ਦੇ ਰਿਕਾਰਡ ਦੀ ਕੀਤੀ ਬਰਾਬਰੀ](https://static.jagbani.com/multimedia/2021_3image_02_53_1744038303500.jpg)
ਨਵੀਂ ਦਿੱਲੀ– ਰਿਕਾਰਡ 9ਵੀਂ ਵਾਰ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ ਸਭ ਤੋਂ ਵੱਧ 310 ਹਫਤਿਆਂ ਤਕ ਨੰਬਰ-1 ਬਣੇ ਰਹਿਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਜੋਕੋਵਿਚ ਨੇ ਸੋਮਵਾਰ ਨੂੰ ਜਾਰੀ ਏ. ਟੀ. ਪੀ. ਰੈਂਕਿੰਗ ਵਿਚ ਨੰਬਰ ਇਕ ਸਥਾਨ ’ਤੇ 310ਵੇਂ ਹਫਤੇ ਜਗ੍ਹਾ ਬਣਾਈ ਤੇ ਇਸਦੇ ਨਾਲ ਹੀ ਉਸ ਨੇ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਜੋਕੋਵਿਚ ਦਾ ਅਗਲੇ ਹਫਤੇ ਵੀ ਨੰਬਰ-1 ਬਣੇ ਰਹਿਣਾ ਤੈਅ ਹੈ ਤੇ ਅਗਲੇ ਸੋਮਵਾਰ ਨੂੰ ਉਹ ਫੈਡਰਰ ਦਾ ਰਿਕਾਰਡ ਤੋੜ ਦੇਵੇਗਾ।
ਰਿਕਾਰਡ 6 ਸਾਲ ਦੀ ਸਮਾਪਤੀ ਨੰਬਰ-1 ਦੇ ਰੂਪ ਵਿਚ ਕਰਨ ਵਾਲੇ ਜੋਕੋਵਿਚ ਨੇ ਪਿਛਲੇ ਮਹੀਨੇ ਰੂਸ ਦੇ ਡੇਨਿਲ ਮੇਦਵੇਦੇਵ ਨੂੰ ਹਰਾ ਕੇ ਆਸਟਰੇਲੀਅਨ ਓਪਨ ਦੇ ਰੂਪ ਵਿਚ ਆਪਣਾ 18ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ। ਉਹ ਹੁਣ ਫੈਡਰਰ ਤੇ ਸਪੇਨ ਦੇ ਰਾਫੇਲ ਨਡਾਲ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਰਿਕਾਰਡਾਂ ਤੋਂ ਦੋ ਖਿਤਾਬ ਪਿੱਛੇ ਹੈ।