ਜਦੋਂ ਸਕੋਰ ਬਰਾਬਰ ਹੋਣ 'ਤੇ DJ ਨੇ ਚਲਾ ਦਿੱਤਾ 'Moye Moye' ਤੇ ਕੋਹਲੀ ਨੇ ਕੀਤਾ ਡਾਂਸ

01/18/2024 4:30:32 AM

ਸਪੋਰਟਸ ਡੈਸਕ- ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੇ ਗਏ ਲੜੀ ਦੇ ਤੀਜੇ ਮੁਕਾਬਲੇ 'ਚ ਭਾਰਤ ਨੇ ਅਫ਼ਗਾਨਿਸਤਾਨ ਨੂੰ 'ਡਬਲ' ਸੁਪਰ ਓਵਰ 'ਚ 10 ਦੌੜਾਂ ਨਾਲ ਹਰਾ ਕੇ ਲੜੀ 'ਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਨਾਬਾਦ ਸੈਂਕੜੇ ਅਤੇ ਫਿਰ ਰਿੰਕੂ ਸਿੰਘ ਦੀ ਨਾਬਾਦ ਅਰਧ ਸੈਂਕੜੇ ਵਾਲੀਆਂ ਤੂਫਾਨੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 212 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ। 

ਇਸ ਦਾ ਪਿੱਛਾ ਕਰਨ ਉਤਰੀ ਅਫ਼ਗਾਨੀ ਟੀਮ ਨੇ ਵੀ ਸ਼ਾਨਦਾਰ ਓਪਨਿੰਗ ਤੋਂ ਬਾਅਦ ਨਬੀ ਅਤੇ ਨਈਬ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ 20 ਓਵਰਾਂ 'ਚ 212 ਦੌੜਾਂ ਬਣਾ ਲਈਆਂ। ਇਸ ਤਰ੍ਹਾਂ ਮੈਚ ਬਰਾਬਰੀ 'ਤੇ ਆ ਗਿਆ। ਇਸ ਕਾਰਨ ਮੈਚ ਦਾ ਨਤੀਜਾ ਸੁਪਰ ਓਵਰ ਨਾਲ ਨਿਕਲਣਾ ਤੈਅ ਹੋਇਆ। ਪਰ ਸੁਪਰ ਓਵਰ 'ਚ ਵੀ ਦੋਵਾਂ ਟੀਮਾਂ ਨੇ 16-16 ਦੌੜਾਂ ਬਣਾਈਆਂ ਤੇ ਸਕੋਰ ਇਕ ਵਾਰ ਫਿਰ ਤੋਂ ਬਰਾਬਰ ਹੋ ਗਿਆ। ਹੁਣ ਇਸ ਮੈਚ ਦਾ ਨਤੀਜਾ ਕੱਢਣ ਲਈ ਇਕ ਵਾਰ ਫਿਰ ਤੋਂ ਸੁਪਰ ਓਵਰ ਕਰਵਾਇਆ ਗਿਆ। ਇਸ ਤਰ੍ਹਾਂ ਇਹ ਮੈਚ ਅੰਤਰਰਾਸ਼ਟਰੀ ਕ੍ਰਿਕਟ ਦਾ ਪਹਿਲਾ ਡਬਲ ਸੁਪਰ ਓਵਰ ਵਾਲਾ ਮੈਚ ਬਣ ਗਿਆ। ਦੂਜੇ ਸੁਪਰ ਓਵਰ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੋਹਿਤ ਸ਼ਰਮਾ ਦੇ ਚੌਕੇ ਅਤੇ ਛੱਕੇ ਦੀ ਬਦੌਲਤ 11 ਦੌੜਾਂ ਬਣਾਈਆਂ ਤੇ ਅਫ਼ਗਾਨਿਸਤਾਨ ਨੂੰ 12 ਦੌੜਾਂ ਦਾ ਟੀਚਾ ਦਿੱਤਾ।

ਇਸ ਟੀਚੇ ਦਾ ਪਿੱਛਾ ਕਰਨ ਉਤਰੇ ਅਫ਼ਗਾਨਿਸਤਾਨ ਦੇ ਬੱਲੇਬਾਜ਼ਾਂ ਨੂੰ ਇਸ ਵਾਰ ਗੇਂਦਬਾਜ਼ੀ ਕਰ ਰਹੇ ਰਵੀ ਬਿਸ਼ਨੋਈ ਨੇ ਹੱਥ ਖੋਲ੍ਹਣ ਦਾ ਮੌਕਾ ਨਾ ਦਿੱਤਾ ਤੇ ਅਫ਼ਗਾਨਿਸਤਾਨ ਦੇ ਬੱਲੇਬਾਜ਼ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਏ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ ਡਬਲ ਸੁਪਰ ਓਵਰ 'ਚ ਜਾ ਕੇ 10 ਦੌੜਾਂ ਨਾਲ ਜਿੱਤ ਲਿਆ। 

ਇਹ ਵੀ ਪੜ੍ਹੋ- INDvsAFG 3rd T20i : ਦੂਜੇ ਸੁਪਰ ਓਵਰ 'ਚ ਚਮਕਿਆ ਬਿਸ਼ਨੋਈ, ਡਬਲ ਸੁਪਰ ਓਵਰ 'ਚ ਜਿੱਤਿਆ ਭਾਰਤ

ਕੋਹਲੀ ਦੇ ਨਾਂ ਹੋਇਆ ਇਹ ਸ਼ਰਮਨਾਕ ਰਿਕਾਰਡ
ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੀ ਪਾਰੀ ਪਹਿਲੀ ਗੇਂਦ 'ਤੇ ਹੀ ਕੈਚ ਆਊਟ ਹੋ ਗਿਆ। ਇਸ ਤਰ੍ਹਾਂ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ 35 ਵਾਰ 'ਜ਼ੀਰੋ' (0) 'ਤੇ ਆਊਟ ਹੋਣ ਵਾਲਾ ਸਪੈਸ਼ਲਿਸਟ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਸਚਿਨ ਤੇਂਦੁਲਕਰ ਦਾ 34 ਵਾਰ 0 'ਤੇ ਆਊਟ ਹੋਣ ਦਾ ਰਿਕਾਰਡ ਤੋੜਿਆ। ਇਸ ਲਿਸਟ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਨਾਂ ਵੀ ਆਉਂਦਾ ਹੈ, ਜੋ ਇਸ ਮਾਮਲੇ 'ਚ ਤੀਜੇ ਨੰਬਰ 'ਤੇ ਹੈ ਤੇ ਉਹ 33 ਵਾਰ ਬਿਨਾਂ ਖਾਤਾ ਖੋਲ੍ਹੇ ਆਊਟ ਹੋਇਆ ਹੈ। 

ਓਵਰਆਲ ਗੱਲ ਕੀਤੀ ਜਾਵੇ ਤਾਂ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਦੇ ਨਾਂ ਸਭ ਤੋਂ ਵੱਧ 'ਜ਼ੀਰੋ' (ਡੱਕ) ਦਰਜ ਹਨ, ਜੋ 59 ਵਾਰ 0 'ਤੇ ਆਊਟ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਵੱਲੋਂ ਜ਼ਹੀਰ ਖਾਨ ਦੇ ਨਾਂ ਸਭ ਤੋ ਵੱਧ 44 ਵਾਰ ਜ਼ੀਰੋ 'ਤੇ ਆਊਟ ਹੋਣ ਦਾ ਰਿਕਾਰਡ ਦਰਜ ਹੈ। ਪਰ ਇਹ ਗੇਂਦਬਾਜ਼ ਗਿਣੇ ਜਾਂਦੇ ਹਨ, ਇਸ ਲਈ ਇਨ੍ਹਾਂ ਦੇ ਇਸ ਰਿਕਾਰਡ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਪਰ ਕੋਹਲੀ, ਸਚਿਨ ਰੋਹਿਤ ਸ਼ਰਮਾ ਵਰਗੇ ਖਿਡਾਰੀ ਸਪੈਸ਼ਲ ਬੱਲੇਬਾਜ਼ ਹਨ ਤੇ ਉਨ੍ਹਾਂ ਦੇ ਨਾਂ ਅਜਿਹੇ ਰਿਕਾਰਡ ਹੋਣਾ ਆਪਣੇ ਆਪ 'ਚ ਇਕ ਖ਼ਾਸ ਗੱਲ ਹੈ। 

ਇਹ ਵੀ ਪੜ੍ਹੋ- ਭਾਰਤ ਦਾ ਸਭ ਤੋਂ ਸਫ਼ਲ ਟੀ-20 ਕਪਤਾਨ ਤੇ ਸਭ ਤੋਂ ਵੱਧ ਸੈਂਕੜੇ ਜੜਨ ਵਾਲਾ ਬੱਲੇਬਾਜ਼ ਬਣਿਆ 'ਹਿੱਟਮੈਨ' ਰੋਹਿਤ ਸ਼ਰਮਾ

ਜਦੋਂ ਡੀਜੇ ਨੇ ਚਲਾਇਆ 'ਮੋਏ-ਮੋਏ' ਤੇ ਕੋਹਲੀ ਨੇ ਕੀਤਾ ਡਾਂਸ
ਜਦੋਂ ਸੁਪਰ ਓਵਰ 'ਚ ਵੀ ਦੋਵਾਂ ਟੀਮਾਂ ਦੇ ਸਕੋਰ ਬਰਾਬਰ ਰਹਿ ਗਏ ਤਾਂ ਡੀ.ਜੇ. ਨੇ ਮਸ਼ਹੂਰ ਗੀਤ 'ਮੋਏ-ਮੋਏ' ਚਲਾ ਦਿੱਤਾ। ਇਸ ਮੌਕੇ ਵਿਰਾਟ ਕੋਹਲੀ ਨੇ ਵੀ ਗਰਾਊਂਡ 'ਤੇ ਹੀ Moye-Moye ਵਾਲਾ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਇਹ ਵੀਡੀਓ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੋਹਲੀ ਸੁਪਰ ਓਵਰ ਦੇ ਡਰਾਅ ਰਹਿ ਜਾਣ ਤੋਂ ਬਾਅਦ ਵੀ ਮੈਚ ਦੇ ਨਤੀਜੇ ਲਈ ਇਕ ਹੋਰ ਸੁਪਰ ਓਵਰ ਲਈ ਰਿਐਕਸ਼ਨ ਦੇ ਰਿਹਾ ਹੈ ਤੇ ਕਿਵੇਂ ਉਹ ਮੂੰਹ 'ਤੇ ਹੱਥ ਰੱਖ ਕੇ ਮੋਏ-ਮੋਏ ਕਰ ਰਿਹਾ ਹੈ।

 


Harpreet SIngh

Content Editor

Related News