BAN vs SL : ਦਿਨੇਸ਼ ਚਾਂਦੀਮਲ ਨੇ ਅੱਧ ਵਿਚਾਲੇ ਛੱਡਿਆ ਦੂਜਾ ਟੈਸਟ, ਪਰਿਵਾਰਕ ਕਾਰਨਾਂ ਕਰਕੇ ਪਰਤੇ ਘਰ
Tuesday, Apr 02, 2024 - 03:14 PM (IST)
ਚਟਗਾਂਵ : ਪਰਿਵਾਰਕ ਮੈਡੀਕਲ ਐਮਰਜੈਂਸੀ ਕਾਰਨ ਸ੍ਰੀਲੰਕਾ ਦੇ ਬੱਲੇਬਾਜ਼ ਦਿਨੇਸ਼ ਚਾਂਦੀਮਲ ਨੂੰ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਘਰ ਪਰਤਣਾ ਪਿਆ। ਚਾਂਦੀਮਲ ਮੈਚ ਦੇ ਤੀਜੇ ਦਿਨ ਆਊਟ ਹੋ ਗਏ ਸਨ। ਅਜਿਹੇ 'ਚ ਸ਼੍ਰੀਲੰਕਾ ਦੀ ਟੀਮ ਉਨ੍ਹਾਂ ਦੀ ਜਗ੍ਹਾ ਬਦਲਵੇਂ ਫੀਲਡਰ ਨਾਲ ਮੈਦਾਨ 'ਚ ਉਤਰੇਗੀ।
ਚਾਂਦੀਮਲ ਨੇ ਪਹਿਲੀ ਪਾਰੀ ਵਿੱਚ ਅਰਧ ਸੈਂਕੜਾ ਜੜਿਆ ਸੀ ਅਤੇ ਦੂਜੀ ਪਾਰੀ ਵਿੱਚ ਨੌਂ ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਸ਼੍ਰੀਲੰਕਾ ਕ੍ਰਿਕਟ ਨੇ ਆਪਣੇ ਬਿਆਨ 'ਚ ਕਿਹਾ, 'ਉਹ ਤੁਰੰਤ ਪ੍ਰਭਾਵ ਨਾਲ ਘਰ ਵਾਪਸੀ ਕਰਨਗੇ। ਇਸ ਔਖੀ ਘੜੀ ਵਿੱਚ ਸ਼੍ਰੀਲੰਕਾ ਕ੍ਰਿਕਟ, ਟੀਮ ਦੇ ਸਾਰੇ ਖਿਡਾਰੀ ਅਤੇ ਸਪੋਰਟਿੰਗ ਸਟਾਫ ਚਾਂਦੀਮਲ ਦੇ ਨਾਲ ਖੜ੍ਹਾ ਹੈ। ਅਸੀਂ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦਾ ਆਦਰ ਕਰਨ ਦੀ ਅਪੀਲ ਕਰਦੇ ਹਾਂ।
ਅੱਜ ਮੈਚ ਦੇ ਚੌਥੇ ਦਿਨ ਸ੍ਰੀਲੰਕਾ ਨੇ ਸੱਤ ਵਿਕਟਾਂ ’ਤੇ 157 ਦੌੜਾਂ ’ਤੇ ਪਾਰੀ ਐਲਾਨ ਕਰ ਦਿੱਤੀ ਹੈ। ਅਤੇ ਪਹਿਲੀ ਪਾਰੀ ਦੇ ਆਧਾਰ 'ਤੇ ਸ਼੍ਰੀਲੰਕਾ ਦੀ ਕੁੱਲ ਬੜ੍ਹਤ 510 ਹੋ ਗਈ ਹੈ। ਬੰਗਲਾਦੇਸ਼ ਨੂੰ ਇਹ ਟੈਸਟ ਮੈਚ ਜਿੱਤਣ ਲਈ 511 ਦੌੜਾਂ ਬਣਾਉਣੀਆਂ ਹਨ। ਬੰਗਲਾਦੇਸ਼ ਦੀ ਟੀਮ ਚੌਥੇ ਦਿਨ ਦੂਜੀ ਪਾਰੀ 'ਚ 83 ਦੌੜਾਂ 'ਤੇ ਦੋ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਹੈ। ਸ਼੍ਰੀਲੰਕਾ ਫਿਲਹਾਲ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੈ।