ਨਜ਼ਰੀਏ ''ਚ ਫਰਕ ਨੂੰ ਮਤਭੇਦ ਦੇ ਰੂਪ ''ਚ ਨਾ ਦੇਖਿਆ ਜਾਵੇ : ਸ਼ਾਸਤਰੀ

Wednesday, Sep 11, 2019 - 11:06 AM (IST)

ਨਜ਼ਰੀਏ ''ਚ ਫਰਕ ਨੂੰ ਮਤਭੇਦ ਦੇ ਰੂਪ ''ਚ ਨਾ ਦੇਖਿਆ ਜਾਵੇ : ਸ਼ਾਸਤਰੀ

ਦੁਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸੀਮਤ ਓਵਰਾਂ ਦੀ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਵਿਚਾਲੇ ਮਤਭੇਦ ਦੀਆਂ ਅਟਕਲਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰਦਿਆਂ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਨਜ਼ਰੀਏ ਵਿਚ ਫਰਕ ਨੂੰ ਮਤਭੇਦ ਦੇ ਰੂਪ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ। ਪਹਿਲਾਂ ਵੀ ਦੋਵਾਂ ਸੀਨੀਅਰ ਖਿਡਾਰੀਆਂ ਵਿਚਾਲੇ ਕਥਿਤ ਮਤਭੇਦ ਦੀਆਂ ਖਬਰਾਂ ਨੂੰ ਬਕਵਾਸ ਕਰਾਰ ਦੇ ਚੁੱਕੇ ਸ਼ਾਸਤਰੀ ਤੋਂ ਇਕ ਵਾਰ ਫਿਰ ਇਸ ਬਾਰੇ ਪੁੱਛਿਆ ਗਿਆ ਸੀ। ਸ਼ਾਸਤਰੀ ਨੇ ਕਿਹਾ, ''ਟੀਮ 'ਚ ਜਦੋਂ 15 ਖਿਡਾਰੀ ਹੁੰਦੇ ਹਨ ਤਾਂ ਹਮੇਸ਼ਾ ਅਜਿਹਾ ਸਮਾਂ ਆਉਂਦਾ ਹੈ, ਜਦੋਂ ਨਜ਼ਰੀਏ ਵਿਚ ਵਖਰੇਵਾਂਪਣ ਹੁੰਦਾ ਹੈ। ਇਸ ਦੀ ਲੋੜ ਹੈ। ਮੈਂ ਨਹੀਂ ਚਾਹੁੰਦਾ ਕਿ ਸਾਰੇ ਇਕੋ ਹੀ ਗੱਲ ਬੋਲਣ।''

PunjabKesari

ਉਸ ਨੇ ਕਿਹਾ, ''ਚਰਚੇ ਹੋਣੇ ਚਾਹੀਦੇ ਹਨ ਤੇ ਉਦੋਂ ਕੋਈ ਕਿਸੇ ਨਵੀਂ ਰਣਨੀਤੀ ਬਾਰੇ ਸੋਚ ਸਕਦਾ ਹੈ, ਜਿਸ ਨੂੰ ਬੜ੍ਹਾਵਾ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਖਿਡਾਰੀਆਂ ਨੂੰ ਖੁਦ ਦਾ ਵਿਚਾਰ ਰੱਖਣ ਦਾ ਮੌਕਾ ਦੇਣਾ ਪਵੇਗਾ ਤੇ ਫਿਰ ਫੈਸਲਾ ਕਰਨਾ ਪਵੇਗਾ ਕਿ ਕੀ ਸਰਵਸ੍ਰੇਸ਼ਠ ਹੈ।'' ਸ਼ਾਸਤਰੀ ਨੇ ਕਿਹਾ, ''ਕਦੇ-ਕਦੇ ਇਹ ਟੀਮ ਦਾ ਸਭ ਤੋਂ ਜੂਨੀਅਰ ਖਿਡਾਰੀ ਹੋ ਸਕਦਾ ਹੈ, ਜਿਹੜਾ ਅਜਿਹੀ ਰਣਨੀਤੀ ਸਾਹਮਣੇ ਰੱਖ ਸਕਦਾ ਹੈ, ਜਿਸ ਬਾਰੇ ਅਸੀਂ ਸੋਚਿਆ ਵੀ ਨਾ ਹੋਵੇ ਤੇ ਸਾਨੂੰ ਇਸ 'ਤੇ ਵਿਚਾਰ ਕਰਨ ਦੀ ਲੋੜ ਹੈ। ਇਸ ਲਈ ਇਸ ਨੂੰ ਮਤਭੇਦ ਦੇ ਰੂਪ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ ।'' ਭਾਰਤੀ ਟੀਮ ਦੇ ਕੈਰੇਬੀਆਈ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਵੀ ਕੋਹਲੀ ਨੇ ਮਤਭੇਦ ਦੀਆਂ ਖਬਰਾਂ ਨੂੰ ਰੱਦ ਕੀਤਾ ਸੀ। ਟੀ-20 ਵਿਸ਼ਵ ਕੱਪ 2021 ਤਕ ਦੁਬਾਰਾ ਭਾਰਤੀ ਟੀਮ ਦੇ ਕੋਚ ਨਿਯੁਕਤ ਕੀਤੇ ਗਏ ਸ਼ਾਸਤਰੀ ਨੇ ਕਿਹਾ ਕਿ ਜੇਕਰ ਕੋਹਲੀ ਦੇ ਨਾਲ ਗੰਭੀਰ ਮਤਭੇਦ ਹੁੰਦੇ ਤਾਂ ਰੋਹਿਤ ਵਿਸ਼ਵ ਕੱਪ ਵਿਚ ਪੰਜ ਸੈਂਕੜੇ ਨਾ ਲਾਉਂਦਾ।


Related News