ਸ਼੍ਰੀਲੰਕਾਈ ਕ੍ਰਿਕਟਰਾਂ ਲਈ ''ਗੁਰੂ'' ਬਣਿਆ ਧੋਨੀ
Wednesday, Dec 27, 2017 - 04:14 AM (IST)
ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਹੁਸ਼ਿਆਰ ਖਿਡਾਰੀ ਮੰਨੇ ਜਾਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਆਖਿਰਕਾਰ ਉਸ ਨੂੰ ਮਹਾਨ ਤੇ ਅੱਵਲ ਦਰਜੇ ਦੇ ਕ੍ਰਿਕਟਰ ਦਾ ਦਰਜਾ ਕਿਉਂ ਹਾਸਲ ਹੈ। ਮੈਦਾਨ 'ਤੇ ਆਪਣੇ ਸਮਝਦਾਰੀ ਭਰੇ ਫੈਸਲਿਆਂ ਨਾਲ ਕਈ ਵਾਰ ਹੈਰਾਨ ਕਰਨ ਵਾਲਾ ਧੋਨੀ ਭਾਵੇਂ ਹੀ ਕ੍ਰਿਕਟ ਟੀਮ ਦੇ ਤਿੰਨਾਂ ਸਵਰੂਪਾਂ ਤੋਂ ਕਪਤਾਨੀ ਛੱਡ ਚੁੱਕਾ ਹੈ ਪਰ ਉਹ ਮੈਚ ਵਿਚ ਨੌਜਵਾਨ ਕ੍ਰਿਕਟਰਾਂ ਨੂੰ ਸਹੀ ਤਰੀਕੇ ਨਾਲ ਖੇਡਣ ਲਈ ਹਮੇਸ਼ਾ ਦਿਸ਼ਾ-ਨਿਰਦੇਸ਼ ਦਿੰੰਦਾ ਦਿਖਾਈ ਦਿੰਦਾ ਹੈ। ਹਾਲਾਂਕਿ ਉਸ ਦੀ ਇਕ ਵੀਡੀਓ, ਜਿਹੜੀ ਇਨ੍ਹੀਂ ਦਿਨੀਂ ਚਰਚਾ ਵਿਚ ਹੈ, ਉਸ 'ਚ ਉਹ ਆਪਣੇ ਨਹੀਂ ਸਗੋਂ ਸ਼੍ਰੀਲੰਕਾਈ ਟੀਮ ਦੇ ਖਿਡਾਰੀਆਂ ਨੂੰ ਸਿਖਾਉਂਦਾ ਨਜ਼ਰ ਆ ਰਿਹਾ ਹੈ।
ਇਸ ਸਾਲ ਭਾਰਤ ਤੋਂ ਦੂਜੀ ਵਾਰ ਸੀਰੀਜ਼ ਹਾਰ ਜਾਣ ਵਾਲੀ ਸ਼੍ਰੀਲੰਕਾਈ ਟੀਮ ਦੇ ਖਿਡਾਰੀਆਂ ਦਾ ਦੌਰਾ ਪਿਛਲੇ ਹਫਤੇ ਐਤਵਾਰ ਨੂੰ ਟੀ-20 ਸੀਰੀਜ਼ 'ਚ 0-3 ਦੀ ਵ੍ਹਾਈਟਵਾਸ਼ ਨਾਲ ਖਤਮ ਹੋਇਆ। ਉਥੇ ਹੀ ਵਨ ਡੇ ਵਿਚ ਉਸ ਨੂੰ 1-2 ਨਾਲ ਤੇ ਟੈਸਟ ਸੀਰੀਜ਼ ਵਿਚ 0-1 ਨਾਲ ਹਾਰ ਮਿਲੀ। ਭਾਰਤ ਨੇ ਇਸ ਸਾਲ ਸ਼੍ਰੀਲੰਕਾ ਨੂੰ ਉਸੇ ਦੀ ਧਰਤੀ 'ਤੇ ਵੀ 0-9 ਨਾਲ ਹਰਾਇਆ ਸੀ। ਮੁੰਬਈ ਵਿਚ ਇਸ ਸੀਰੀਜ਼ ਦੇ ਆਖਰੀ ਟੀ-20 ਵਿਚ ਸ਼੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਮਹਿਮਾਨ ਟੀਮ ਦੇ ਖਿਡਾਰੀ ਜਦੋਂ ਮੈਦਾਨ ਦੇ ਕਿਨਾਰੇ ਖੜ੍ਹੇ ਸਨ, ਉਦੋਂ ਧੋਨੀ ਉਨ੍ਹਾਂ ਕੋਲ ਗਿਆ ਤੇ ਉਨ੍ਹਾਂ ਨੂੰ ਬੱਲੇਬਾਜ਼ੀ ਦੀਆਂ ਸ਼ਾਟਾਂ ਨੂੰ ਲੈ ਕੇ ਕੁਝ ਦੱਸਦਾ ਹੋਇਆ ਦਿਖਾਈ ਦਿੱਤਾ। ਇਸ ਵੀਡੀਓ 'ਚ ਅਕੀਲਾ ਧਨੰਜਯ, ਉਪਲ ਥਰੰਗਾ ਤੇ ਸਦੀਰਾ ਸਮਰਵਿਕਰਮਾ ਦਿਖਾਈ ਦੇ ਰਹੇ ਹਨ, ਜਿਹੜੇ ਧੋਨੀ ਦੀਆਂ ਗੱਲਾਂ ਆਪਣੇ ਕੋਚ ਦੀ ਤਰ੍ਹਾਂ ਸੁਣਦੇ ਦਿਸ ਰਹੇ ਹਨ। ਧੋਨੀ ਨੇ ਹੱਥਾਂ ਦੇ ਇਸ਼ਾਰੇ ਨਾਲ ਸ਼੍ਰੀਲੰਕਾਈ ਖਿਡਾਰੀਆਂ ਨੂੰ ਸ਼ਾਟਾਂ ਬਾਰੇ ਕੁਝ ਗੱਲਾਂ ਕਹੀਆਂ।
