IPL 2019 : ਦਿੱਲੀ ਨੇ ਹੈਦਰਾਬਾਦ ਨੂੰ 39 ਦੌੜਾਂ ਨਾਲ ਹਰਾਇਆ
Monday, Apr 15, 2019 - 12:31 AM (IST)

ਹੈਦਰਾਬਾਦ— ਖਲੀਲ ਅਹਿਮਦ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਨਰਾਈਜਰਜ਼ ਹੈਦਰਾਬਾਦ ਨੇ ਆਈ. ਪੀ. ਐੱਲ.-12 ਵਿਚ ਇੱਥੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਹਾਲਾਂਕਿ ਦਿੱਲੀ ਕੈਪੀਟਲਸ ਨੇ ਫਿਰ ਵੀ 7 ਵਿਕਟਾਂ 'ਤੇ 155 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ।
ਦਿੱਲੀ ਦੀ ਟੀਮ ਇਕ ਸਮੇਂ 13ਵੇਂ ਓਵਰ ਵਿਚ 3 ਵਿਕਟਾਂ 'ਤੇ 110 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਖਲੀਲ (30 ਦੌੜਾਂ 'ਤੇ 3 ਵਿਕਟਾਂ), ਭੁਵਨੇਸ਼ਵਰ ਕੁਮਾਰ (33 ਦੌੜਾਂ 'ਤੇ 2 ਵਿਕਟਾਂ) ਤੇ ਰਾਸ਼ਿਦ ਖਾਨ (22 ਦੌੜਾਂ 'ਤੇ 1 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਆਖਰੀ 7 ਓਵਰਾਂ ਵਿਚ 45 ਦੌੜਾਂ ਹੀ ਜੋੜ ਸਕੀ।
ਦਿੱਲੀ ਵਲੋਂ ਕਪਤਾਨ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 45 ਦੌੜਾਂ ਬਣਾਈਆਂ ਜਦਕਿ ਕੌਲਿਨ ਮੁਨਰੋ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਰਿਸ਼ਭ ਪੰਤ ਨੇ ਵੀ 23 ਦੌੜਾਂ ਬਣਾਈਆਂ।
ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਸੈਸ਼ਨ ਵਿਚ ਪਹਿਲਾ ਮੈਚ ਖੇਡ ਰਹੇ ਸਨਰਾਈਜਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਹੈਦਰਾਬਾਦ ਦੇ ਗੇਂਦਬਾਜ਼ਾਂ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 13ਵੇਂ ਓਵਰ ਤੋਂ 19ਵੇਂ ਓਵਰ ਵਿਚਾਲੇ ਦਿੱਲੀ ਦੇ ਬੱਲੇਬਾਜ਼ 34 ਗੇਂਦਾਂ ਤਕ ਬਾਊਂਡਰੀ ਹਾਸਲ ਕਰਨ ਵਿਚ ਅਸਫਲ ਰਹੇ। ਰਾਸ਼ਿਦ ਨੇ ਇਸ ਵਿਚਾਲੇ ਕ੍ਰਿਸ ਮੌਰਿਸ (4) ਨੂੰ ਬੋਲਡ ਵੀ ਕੀਤਾ।
ਅਕਸ਼ਰ ਪਟੇਲ (ਅਜੇਤੂ 14) ਨੇ ਸੰਦੀਪ ਸ਼ਰਮਾ 'ਤੇ ਚੌਕਾ ਦੇ ਨਾਲ ਬਾਊਂਡਰੀ ਦੇ ਸੋਕੇ ਨੂੰ ਖਤਮ ਕੀਤਾ। ਕੀਮੋ ਪੌਲ(7) ਨੇ ਆਖਰੀ ਓਵਰ ਵਿਚ ਭੁਵਨੇਸ਼ਵਰ 'ਤੇ ਛੱਕੇ ਦੇ ਨਾਲ ਸਕੋਰ 150 ਦੌੜਾਂ ਦੇ ਪਾਰ ਪਹੁੰਚਾਇਆ ਪਰ ਅਗਲੀ ਗੇਂਦ 'ਤੇ ਉਹ ਐੱਲ. ਬੀ. ਡਬਲਯੂ. ਹੋ ਗਿਆ।