ਏਸ਼ੀਆਈ ਤੀਰਅੰਦਾਜ਼ੀ : ਦੀਪਿਕਾ ਤੇ ਅੰਕਿਤਾ ਨੇ ਹਾਸਲ ਕੀਤਾ ਓਲੰਪਿਕ ਕੋਟਾ

11/28/2019 7:27:15 PM

ਬੈਂਕਾਕ : ਦੀਪਿਕਾ ਕੁਮਾਰੀ ਨੇ ਇੱਥੇ 21ਵੀਂ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੌਰਾਨ ਆਯੋਜਿਤ ਮਹਾਦੀਪੀ ਕੁਆਲੀਫਿਕੇਸ਼ਨ ਟੂਰਨਾਮੈਂਟ ਵਿਚ ਮਹਿਲਾ ਰਿਕਵਰ ਪ੍ਰਤੀਯੋਗਿਤਾ ਵਿਚ ਸੋਨਾ ਤੇ ਅੰਕਿਤਾ ਭਗਤ ਨੇ ਚਾਂਦੀ ਤਮਗਾ ਜਿੱਤ ਕੇ ਭਾਰਤ ਲਈ ਓਲੰਪਿਕ ਕੋਟਾ ਸਥਾਨ ਤੈਅ ਕਰ ਲਿਆ। ਇਸ ਮਹਾਦੀਪੀ ਕੁਆਲੀਫਿਕੇਸ਼ਨ 'ਚੋਂ 3 ਵਿਅਕਤੀਗਤ ਸਥਾਨ ਹਾਸਲ ਕੀਤੇ ਜਾ ਸਕਦੇ ਸਨ ਤੇ ਰਾਸ਼ਟਰੀ ਮਹਾਸੰਘ 'ਤੇ ਲੱਗੀ ਪਾਬੰਦੀ ਕਾਰਣ ਰਾਸ਼ਟਰੀ ਝੰਡੇ ਦੇ ਬਿਨਾਂ ਖੇਡ ਰਹੇ ਭਾਰਤੀ ਤੀਰਅੰਦਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ 'ਚੋਂ ਚੋਟੀ ਦਰਜਾ ਪ੍ਰਾਪਤ ਦੀਪਿਕਾ ਤੇ ਛੇਵਾਂ ਦਰਜਾ ਪ੍ਰਾਪਤ ਅੰਕਿਤਾ ਦਾ ਪ੍ਰਦਰਸ਼ਨ ਲਾਜਵਾਬ ਰਿਹਾ।

ਦੀਪਿਕਾ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮਲੇਸ਼ੀਆ ਦੀ ਨੂਰ ਅਫੀਸਾ ਅਬਦੁੱਲ ਨੂੰ 7-3, ਈਰਾਨ ਦੀ ਜ਼ਹਰਾ ਨੇਮਾਤੀ ਨੂੰ 6-4 ਤੇ ਸਥਾਨਕ ਤੀਅਰੰਦਾਜ਼ ਨਰੀਸਾਰਾ ਖੁਨਹਿਰਾਨਚਾਈਓ ਨੂੰ 6-3 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਕੇ ਓਲੰਪਿਕ ਕੋਟਾ ਸਥਾਨ ਹਾਸਲ ਕੀਤਾ। ਤੀਰਅੰਦਾਜ਼ੀ  ਵਿਚ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਆਖਰੀ ਮੌਕਾ 2020 ਵਿਸ਼ਵ ਕੱਪ ਦਾ ਬਰਲਿਨ ਗੇੜ ਹੈ। ਬਾਅਦ ਵਿਚ ਦੀਪਿਕਾ ਨੇ ਵੀਅਤਨਾਮ ਦੀ ਐਨਗੁਏਟ ਡੋ ਥਿ ਐੱਨ. ਨੂੰ ਇਕਪਾਸੜ ਫਰਕ ਨਾਲ ਹਰਾ ਕੇ ਆਖਰੀ-4 ਮੁਕਾਬਲਾ ਵਿਚ 6-2 ਨਾਲ ਹਰਾ ਦਿੱਤਾ। ਅੰਕਿਤਾ ਨੇ ਹਾਂਗਕਾਂਗ ਦੀ ਲਾਮ ਸ਼ੁਕਚਿੰਗ ਏਡਾ ਨੂੰ 7-1, ਵੀਅਤਨਾਮ ਦੀ ਐਨਗੁਏਨ ਥੀ ਫਿਊਂਗ ਨੂੰ 6-0 ਤੇ ਕਜ਼ਾਕਿਸਤਾਨ ਦੀ ਅਨਾਸਤਾਸੀਆ ਬਾਨੋਵਾ ਨੂੰ 6-4 ਨਾਲ ਹਰਾ ਦਿੱਤਾ। ਅੰਕਿਤਾ ਨੇ ਆਖਰੀ ਚਾਰ ਵਿਚ ਭੂਟਾਨ ਦੀ ਕਰਮਾ ਨੂੰ 6-2 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਵਿਚ ਹਾਲਾਂਕਿ ਅੰਕਿਤਾ ਨੂੰ ਦੀਪਕਾ ਹੱਥੋਂ 0-6 ਨਾਲ ਹਾਰ ਝੱਲਣੀ ਪਈ। ਭਾਰਤੀ ਤੀਰਅੰਦਾਜ਼ੀ ਸੰਘ 'ਤੇ ਪਾਬੰਦੀ ਕਾਰਣ ਦੀਪਿਕਾ, ਅੰਕਿਤਾ ਤੇ ਲੈਸ਼ਰਾਮ ਬੋਂਬਿਆਲਾ ਦੇਵੀ ਦੀ ਭਾਰਤੀ ਤਿੱਕੜੀ ਨੇ ਬਦਲਵੇਂ (ਵਿਸ਼ਵ ਤੀਰਅੰਦਾਜ਼ੀ ਸੰਘ) ਝੰਡੇ ਹੇਠ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ। ਤੀਰਅੰਦਾਜ਼ੀ ਵਿਚ ਭਾਰਤ ਦਾ ਇਹ ਦੂਜਾ ਓਲੰਪਿਕ ਕੋਟਾ ਹੈ। ਇਸ ਤੋਂ ਪਹਿਲਾਂ ਤਰੁਣਾਦੀਪ  ਰਾਏ, ਅਤਨੂ ਦਾਸ ਤੇ ਪ੍ਰਵੀਣ ਜਾਧਵ ਦੀ ਪੁਰਸ਼ ਰਿਕਰਵ ਟੀਮ ਨੇ ਸਾਲ ਦੇ ਸ਼ੁਰੂ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਕੋਟਾ ਸਥਾਨ ਹਾਸਲ ਕੀਤਾ ਸੀ। ਭਾਰਤ ਨੇ ਬੁੱਧਵਾਰ ਨੂੰ ਖਤਮ ਹੋਈ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਇਕ ਸੋਨ, ਦੋ ਚਾਂਦੀ ਤੇ ਚਾਰ ਕਾਂਸੀ ਤਮਗੇ ਹਾਸਲ ਕੀਤੇ।


Related News