ਡੇਰੇਨ ਸੈਮੀ ਨੂੰ ਕ੍ਰਿਕਟ ਵੈਸਟਇੰਡੀਜ਼ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਨਿਰਦੇਸ਼ਕ ਮੰਡਲ ’ਚ ਸ਼ਾਮਲ
Wednesday, Jun 23, 2021 - 07:56 PM (IST)
ਸੇਂਟ ਜੋਨਸ— ਦੋ ਵਾਰ ਟੀ-20 ਵਰਲਡ ਕੱਪ ਜਿੱਤਣ ਵਾਲੀ ਵੈਸਟਇੰਡੀਜ਼ ਦੀ ਟੀਮ ਦੇ ਮੈਂਬਰ ਤੇ ਸਾਬਕਾ ਕਪਤਾਨ ਡੇਰੇਨ ਸੈਮੀ ਨੂੰ ਕ੍ਰਿਕਟ ਵੈਸਟਇੰਡੀਜ਼ (ਸੀ. ਡਬਲਯੂ. ਆਈ.) ਬੋਰਡ ’ਚ ਆਜ਼ਾਦ ਗ਼ੈਰ ਮੈਂਬਰ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਸੀ. ਡਬਲਯੂ. ਬੋਰਡ ਦੀ ਹੋਈ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ ਸੀ। ਸਾਲ 2012 ਤੇ 2016 ’ਚ ਖ਼ਿਤਾਬੀ ਜਿੱਤ ਦੇ ਦੌਰਾਨ ਵੈਸਟਇੰਡੀਜ਼ ਦੀ ਅਗਵਾਈ ਕਰਨ ਵਾਲੇ ਸੈਮੀ ਉਨ੍ਹਾਂ ਤਿੰਨ ਆਜ਼ਾਦ ਨਿਰਦੇਸ਼ਕਾਂ ’ਚ ਸ਼ਾਮਲ ਹਨ ਜਿਨ੍ਹਾਂ ਦੀ ਨਿਯੁਕਤੀ ਨੂੰ ਪਿਛਲੇ ਵੀਰਵਾਰ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ।
ਤ੍ਰਿਨਿਦਾਦ ਦੇ ਬੁਲਾਰੇ ਡੇਬਰਾ ਕੋਰਯਾਤ ਪੇਟਨ ਤੇ ਜਮੈਕਾ ਦੇ ਸਰਜਨ ਤੇ ਯੂਨੀਵਰਸਿਟੀ ਪ੍ਰਸ਼ਾਸਕ ਡਾ. ਅਕਸ਼ੈ ਮਾਨਸਿੰਘ ਨੂੰ ਦੂਜੇ ਕਾਰਜਕਾਲ ਲਈ ਮੁੜ ਆਜ਼ਾਦ ਨਿਰਦੇਸ਼ਕ ਨਿਯੁਕਤ ਕੀਤਾ ਗਿਆ। ਸੈਮੀ ਨੇ ਸੀ. ਡਬਲਯੂ. ਆਈ. ਦੀ ਵੈੱਬਸਾਈਟ ’ਤੇ ਕਿਹਾ ਕਿ ਕ੍ਰਿਕਟ ਵੈਸਟਇੰਡੀਜ਼ ਨਿਰਦੇਸ਼ਕ ਨਿਯੁਕਤ ਹੋਣਾ ਸਨਮਾਨ ਦੀ ਗੱਲ ਹੈ। ਇਹ ਮੈਦਾਨ ਤੋਂ ਬਾਹਰ ਨਵੇਂ ਤਰੀਕੇ ਨਾਲ ਵੈਸਟਇੰਡੀਜ਼ ਕ੍ਰਿਕਟ ਨੂੰ ਆਪਣਾ ਸਰਵਸ੍ਰੇਸ਼ਠ ਦੇਣ ਲਈ ਮੇਰੇ ਕੋਲ ਇਕ ਸ਼ਾਨਦਾਰ ਮੌਕਾ ਹੈ।
ਵੈਸਟਇੰਡੀਜ਼ ਵੱਲੋਂ 38 ਟੈਸਟ, 126 ਵਨ-ਡੇ ਤੇ 68 ਟੀ-20 ਕੌਮਾਂਤਰੀ ਮੈਚ ਖੇਡਣ ਵਾਲੇ 37 ਸਾਲਾਂ ਸੈਮੀ ਅਜੇ ਪਾਕਿਸਤਾਨ ਸੁਪਰ ਲੀਗ ਟੀਮ ਪੇਸ਼ਾਵਰ ਜਾਲਮੀ ਦੇ ਮੁੱਖ ਕੋਚ ਹਨ। ਉਹ ਕੈਰੇਬੀਆਈ ਪ੍ਰੀਮੀਅਰ ਲੀਗ ’ਚ ਸੇਂਟ ਲੂਸੀਆ ਜੋਕਸ ਦੇ ਕ੍ਰਿਕਟ ਸਲਾਹਕਾਰ ਵੀ ਹਨ। ਸੈਮੀ ਸੇਂਟ ਲੂਸੀਆ ਦੇ ਬ੍ਰੈਂਡ ਅੰਬੈਸਡਰ ਵੀ ਹਨ।