CWG 2022 : 29 ਜੁਲਾਈ ਤੋਂ ਸ਼ੁਰੂ ਹੋਵੇਗੀ ਭਾਰਤੀ ਚੁਣੌਤੀ, ਕ੍ਰਿਕਟ ਤੇ ਹਾਕੀ ਨਾਲ ਸ਼ੁਰੂ ਹੋਵੇਗੀ ਭਾਰਤੀ ਮੁਹਿੰਮ
Wednesday, Jul 27, 2022 - 05:24 PM (IST)
ਸਪੋਰਟਸ ਡੈਸਕ- ਭਾਰਤੀ ਖਿਡਾਰੀ 28 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) ਵਿਚ ਤਮਗ਼ੇ ਦੀ ਦਾਅਵੇਦਾਰੀ ਲਈ ਉਤਰਨਗੇ। ਪਹਿਲੇ ਦਿਨ ਵੀਰਵਾਰ ਨੂੰ ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਗਮ ਹੋਵੇਗਾ ਜਦਕਿ ਭਾਰਤੀ ਦੀ ਮੁਹਿੰਮ 29 ਜੁਲਾਈ ਤੋਂ ਸ਼ੁਰੂ ਹੋਵੇਗੀ। ਮੁਕਾਬਲੇ ਦੇ ਪਹਿਲੇ ਦਿਨ ਭਾਰਤ ਵੱਲੋਂ ਮਹਿਲਾ ਕ੍ਰਿਕਟ, ਮਹਿਲਾ ਹਾਕੀ, ਤੈਰਾਕੀ, ਬੈਡਮਿੰਟਨ, ਮੁੱਕੇਬਾਜ਼ੀ, ਸਾਈਕਲਿੰਗ, ਲਾਅਨ ਬਾਲ, ਨੈੱਟਬਾਲ, ਰਗਬੀ, ਸਕੁਐਸ਼, ਟੇਬਲ ਟੈਨਿਸ ਤੇ ਟ੍ਰਾਇਥਲੋਨ ਦੇ ਖਿਡਾਰੀ ਆਪੋ-ਆਪਣੇ ਮੁਕਾਬਲਿਆਂ ਵਿਚ ਉਤਰਨਗੇ ਤੇ ਭਾਰਤੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਇਹ ਵੀ ਪੜ੍ਹੋ : ਨਵਦੀਪ ਸੈਣੀ ਦਾ ਕੈਂਟ ਵਲੋਂ ਸ਼ਾਨਦਾਰ ਪ੍ਰਦਰਸ਼ਨ, ਇੰਨੀਆਂ ਦੌੜਾਂ ਦੇ ਕੇ ਝਟਕਾਈਆਂ 3 ਵਿਕਟਾਂ
ਰਾਸ਼ਟਰਮੰਡਲ ਖੇਡਾਂ ਵਿਚ ਪਹਿਲੀ ਵਾਰ ਮਹਿਲਾ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਟੀਮ ਆਸਟ੍ਰੇਲੀਆ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡੇਗੀ। ਇਵੇਂ ਹੀ ਹਾਕੀ ਵਿਚ ਮਹਿਲਾ ਟੀਮ ਦਾ ਮੁਕਾਬਲਾ ਗਰੁੱਪ ਮੈਚ ਵਿਚ ਘਾਨਾ ਨਾਲ ਹੋਵੇਗਾ ਜਦਕਿ ਮੁੱਕੇਬਾਜ਼ੀ ਵਿਚ ਮਰਦ ਤੇ ਮਹਿਲਾਵਾਂ ਦੇ ਰਾਊਂਡ-32 ਦੇ ਮੈਚ ਹੋਣਗੇ।
ਪੀ. ਵੀ. ਸਿੰਧੂ ਸਮੇਤ ਸਟਾਰ ਬੈਡਮਿੰਟਨ ਖਿਡਾਰੀ ਰਾਸ਼ਟਰਮੰਡਲ ਖੇਡਾਂ ਵਿਚ ਨਿੱਜੀ ਸੋਨ ਤਮਗ਼ੇ ਹਾਸਲ ਕਰਨ ਲਈ ਕੋਈ ਕਸਰ ਨਹੀਂ ਛੱਡਣਗੇ ਪਰ ਡਬਲਜ਼ ਖਿਡਾਰੀ ਵੀ ਸੁਰਖ਼ੀਆਂ ਵਿਚ ਰਹਿਣਗੇ ਕਿਉਂਕਿ ਭਾਰਤ ਦਾ ਟੀਚਾ ਮਿਕਸਡ ਟੀਮ ਖ਼ਿਤਾਬ ਕਾਇਮ ਰੱਖ ਕੇ ਇਨ੍ਹਾਂ ਖੇਡਾਂ ਵਿਚ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਬਣਾਈ ਰੱਖਣਾ ਹੋਵੇਗਾ। ਗੋਲਡ ਕੋਸਟ ਵਿਚ ਖੇਡੀਆਂ ਗਈਆਂ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਤੇ ਦੋ ਸੋਨ ਤਮਗ਼ਿਆਂ ਸਮੇਤ ਕੁੱਲ 6 ਤਮਗ਼ੇ ਜਿੱਤੇ ਸਨ।
ਇਹ ਵੀ ਪੜ੍ਹੋ : CWG 2022 'ਚ ਸ਼ਾਮਲ ਨਾ ਹੋਣ 'ਤੇ ਇਮੋਸ਼ਨਲ ਹੋਏ ਨੀਰਜ ਚੋਪੜਾ, ਪ੍ਰਸ਼ੰਸਕਾਂ ਲਈ ਲਿਖੀ ਖ਼ਾਸ ਪੋਸਟ
ਨਿੱਜੀ ਮੁਕਾਬਲਿਆਂ ਵਿਚ ਸੋਨੇ ਦਾ ਤਮਗ਼ਾ ਜਿੱਤਣਾ ਮੁੜ ਭਾਰਤੀ ਖਿਡਾਰੀਆਂ ਦਾ ਟੀਚਾ ਹੋਵੇਗਾ। ਇਨ੍ਹਾਂ ਵਿਚ ਸਿਰਫ਼ ਸਿੰਧੂ ਹੀ ਨਹੀਂ ਸਗੋਂ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤੇ ਕਾਂਸੀ ਦੇ ਤਮਗੇ ਜੇਤੂ ਕ੍ਰਮਵਾਰ ਕਿਦਾਂਬੀ ਸ਼੍ਰੀਕਾਂਤ ਤੇ ਲਕਸ਼ੇ ਸੇਨ ਵੀ ਸ਼ਾਮਲ ਹਨ। ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਨੇ 2018 ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ ਤੇ ਇਸ ਵਾਰ ਉਹ ਆਪਣੇ ਤਮਗ਼ੇ ਦਾ ਰੰਗ ਬਦਲਣਾ ਚਾਹੁਣਗੇ। ਮੁੱਕੇਬਾਜ਼ੀ ਵਿਚ ਭਾਰਤ ਨੇ ਮਰਦ ਤੇ ਮਹਿਲਾ ਵਰਗ ਮਿਲਾ ਕੇ ਕੁੱਲ 12 ਮੁੱਕੇਬਾਜ਼ਾਂ ਨੂੰ ਰਾਸ਼ਟਰਮੰਡਲ ਖੇਡਾਂ ਦੀ ਚੁਣੌਤੀ ਵਿਚ ਉਤਾਰਿਆ ਹੈ ਪਰ ਦੇਸ਼ ਨੂੰ ਨਿਕਹਤ ਜ਼ਰੀਨ (50 ਕਿਲੋਗ੍ਰਾਮ), ਲਵਲੀਨਾ ਬੋਰਗੋਹੇਨ (70 ਕਿਲੋਗ੍ਰਾਮ) ਤੇ ਅਮਿਤ ਪੰਘਾਲ (51 ਕਿਲੋਗ੍ਰਾਮ) ਤੋਂ ਖ਼ਾਸ ਉਮੀਦਾਂ ਹੋਣਗੀਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।