CWC 2019 : ਸ਼ੰਮੀ ਦੀ ਹੈਟ੍ਰਿਕ, ਭਾਰਤ ਨੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾਇਆ

06/22/2019 11:01:44 PM

ਸਾਊਥੰਪਟਨ- ਇਸ ਵਿਸ਼ਵ ਕੱਪ ਦੀ ਪਹਿਲੀ ਹੈਟ੍ਰਿਕ ਲਾਉਣ ਵਾਲੇ ਮੁਹੰਮਦ ਸ਼ੰਮੀ ਦੀ ਅਗਵਾਈ ਵਿਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵੱਲ ਕਦਮ ਵਧਾ ਦਿੱਤੇ ਹਨ ਪਰ ਰਸੂਖਦਾਰ ਵਿਰੋਧੀ ਦੇ ਸਾਹਮਣੇ ਜ਼ਬਰਦਸਤ ਜੁਝਾਰੂਪਨ ਦਿਖਾਉਣ ਵਾਲੀ ਅਫਗਾਨ ਟੀਮ ਨੇ ਹਾਰ ਕੇ ਵੀ ਆਪਣੇ ਪ੍ਰਦਰਸ਼ਨ ਨਾਲ ਦਿਲ ਜਿੱਤ ਲਿਆ। 
ਅਫਗਾਨਿਸਤਾਨ ਨੇ ਪਹਿਲਾਂ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਸਿਤਾਰਿਆਂ ਨਾਲ ਸਜੀ ਦੋ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੂੰ 8 ਵਿਕਟਾਂ 'ਤੇ 224 ਦੌੜਾਂ 'ਤੇ ਰੋਕ ਦਿੱਤਾ। ਇਸ ਤੋਂ ਬਾਅਦ ਉਹ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਨ ਵੱਲ ਵਧ ਰਹੀ ਸੀ ਕਿ ਸ਼ੰਮੀ ਤੇ ਜਸਪ੍ਰੀਤ ਬੁਮਰਾਹ ਨੇ ਉਸਦਾ ਇਹ ਸੁਪਨਾ ਤੋੜ ਦਿੱਤਾ। ਆਖਰੀ ਗੇਂਦ ਬਾਕੀ ਰਹਿੰਦਿਆਂ ਭਾਰਤ ਨੇ ਅਫਗਾਨਿਸਤਾਨ ਨੂੰ 213 ਦੌੜਾਂ 'ਤੇ ਰੋਕ ਦਿੱਤਾ।

PunjabKesari
ਪਹਿਲਾਂ ਗੇਂਦਬਾਜ਼ੀ ਵਿਚ 33 ਦੌੜਾਂ ਦੇ ਦੇ 2 ਵਿਕਟਾਂ ਲੈਣ ਵਾਲੇ ਮੁਹੰਮਦ ਨਬੀ ਨੇ 55 ਗੇਂਦਾਂ ਵਿਚ 52 ਦੌੜਾਂ ਬਣਾਈਆਂ। ਅਫਗਾਨਿਸਤਾਨ ਨੂੰ ਆਖਰੀ ਦੋ ਓਵਰਾਂ ਵਿਚ 21 ਦੌੜਾਂ ਦੀ ਲੋੜ ਸੀ ਤੇ ਨਬੀ ਕ੍ਰੀਜ਼ 'ਤੇ ਸੀ। ਬੁਮਰਾਹ ਨੇ 49ਵੇਂ ਓਵਰ ਵਿਚ ਸਿਰਫ 5 ਦੌੜਾਂ ਦਿੱਤੀਆਂ। ਇਸ ਤੋਂ ਬਾਅਦ ਸ਼ੰਮੀ ਦੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਨਬੀ ਨੇ ਚੌਕਾ ਲਾ ਦਿੱਤਾ। ਅਗਲੀ ਗੇਂਦ 'ਤੇ ਕੋਈ ਦੌੜ ਨਹੀਂ ਬਣੀ ਤੇ ਤੀਜੀ ਗੇਂਦ 'ਤੇ ਨਬੀ ਹਾਰਦਿਕ ਪੰਡਯਾ ਨੂੰ ਕੈਚ ਦੇ ਬੈਠਾ। ਅਫਤਾਬ ਆਲਮ (0) ਤੇ ਮੁਜੀਬ ਉਰ ਰਹਿਮਾਨ (0) ਨੂੰ ਆਊਟ ਕਰ ਕੇ ਸ਼ੰਮੀ ਨੇ ਆਪਣੀ ਹੈਟ੍ਰਿਕ ਤੇ ਭਾਰਤ ਦੀ ਵਿਸ਼ਵ ਕੱਪ ਵਿਚ 50ਵੀਂ ਜਿੱਤ ਪੂਰੀ ਕੀਤੀ।  ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਤੇ ਪਹਿਲੇ ਤਿੰਨੇ ਮੈਚਾਂ ਵਿਚ ਆਸਾਨੀ ਨਾਲ ਜਿੱਤਣ ਵਾਲੀ ਭਾਰਤੀ ਟੀਮ ਨੂੰ ਅਫਗਾਨਿਸਤਾਨ ਤੋਂ ਅਜਿਹੀ ਚੁਣੌਤੀ ਮਿਲੇਗੀ। 

PunjabKesari
ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ 63 ਗੇਦਾਂ ਵਿਚ 67 ਦੌੜਾਂ ਬਣਾਈਆਂ, ਜਦਕਿ ਉਸ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਅਫਗਾਨ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ। ਕੋਹਲੀ ਇਕੱਲਾ ਅਜਿਹਾ ਭਾਰਤੀ ਬੱਲੇਬਾਜ਼ ਸੀ, ਜਿਹੜਾ ਸਹਿਜ ਦਿਸਿਆ। ਉਸ ਨੇ ਰਸ਼ੀਦ ਨੂੰ ਸ਼ਾਨਦਾਰ ਕਵਰ ਡਰਾਈਵ ਲਾਈਆਂ। ਵਿਜੇ ਸ਼ੰਕਰ ਨੇ 41 ਗੇਂਦਾਂ'ਤੇ 29 ਦੌੜਾਂ ਬਣਾਈਆਂ ਤੇ ਕੋਹਲੀ ਨਾਲ 58 ਦੌੜਾਂ ਜੋੜੀਆਂ। ਉਸ ਨੂੰ ਰਹਿਮਤ ਸ਼ਾਹ ਨੇ ਐੈੱਲ. ਬੀ. ਡਬਲਯੂ. ਆਊਟ ਕੀਤਾ। ਕੋਹਲੀ ਇਕ ਹੋਰ ਸੈਂਕੜੇ ਵੱਲ ਵੱਧ ਰਿਹਾ ਸੀ ਪਰ ਨਬੀ ਨੂੰ ਕਟ ਲਾਉਣ ਦੀ ਕੋਸ਼ਿਸ਼ ਵਿਚ ਆਪਣੀ ਵਿਕਟ ਗੁਆ ਬੈਟਾ। 
ਮਹਿੰਦਰ ਸਿੰਘ ਧੋਨੀ (52 ਗੇਂਦਾਂ 'ਤੇ 28 ਦੌੜਾਂ) ਤੇ ਕੇਦਾਰ ਜਾਧਵ (68 ਗੇਂਦਾਂ 'ਤੇ 52 ਦੌੜਾਂ) ਰਨ ਰੇਟ ਨਹੀਂ ਵਧਾ ਸਕੇ। ਦੋਵਾਂ ਵਿਚਾਲੇ 14 ਓਵਰਾਂ ਵਿਚ ਸਿਰਫ 57 ਦੌੜਾਂ ਬਣੀਆਂ। ਧੋਨੀ ਨੇ ਰਾਸ਼ਿਦ ਨੂੰ ਬਾਹਰ ਨਿਕਲ ਕੇ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਦੀ ਲਾਈਨ ਖੁੰਝ ਗਈ ਤੇ ਇਕਰਾਮ ਅਲੀ ਖਿਲ ਨੇ ਉਸ ਨੂੰ ਸਟੰਪ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ। ਧੋਨੀ ਦੀ ਵਿਕਟ 45ਵੇਂ ਓਵਰ ਵਿਚ ਡਿੱਗੀ। ਪੰਡਯਾ ਤੋਂ ਉਮੀਦਾਂ ਸਨ ਪਰ ਉਹ ਅਫਤਾਬ ਆਲਮ ਦੇ ਬਾਊਂਸਰ 'ਤੇ ਵਿਕਟਕੀਪਰ ਨੂੰ ਕੈਚ ਦੇ ਬੈਠਾ।
ਗੁਲਬਦਿਨ ਨੇ ਆਖਰੀ ਓਵਰ ਵਿਚ ਮੁਹੰਮਦ ਸ਼ੰਮੀ ਨੂੰ ਬੋਲਡ ਕੀਤਾ ਤੇ ਫਿਰ ਕੇਦਾਰ ਜਾਧਵ ਦੀ ਵੀ ਵਿਕਟ ਲਈ। ਕੇਦਾਰ 47ਵੇਂ ਓਵਰ ਵਿਚ ਡੀ. ਆਰ. ਐੱਸ. ਲੈ ਕੇ ਬਚਿਆ ਸੀ ਤੇ ਉਸ ਸਮੇਂ ਉਸ ਦਾ ਸਕੋਰ 43 ਅਤੇ ਭਾਰਤ ਦਾ ਸਕੋਰ 206 ਦੌੜਾਂ ਸੀ ਪਰ ਇਸ ਦਾ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਇਆ ਤੇ ਕੇਦਾਰ 52 ਤੇ ਭਾਰਤ 50 ਓਵਰਾਂ ਵਿਚ 224 ਦੌੜਾਂ ਤਕ ਹੀ ਪਹੁੰਚ ਸਕਿਆ, ਜਿਹੜਾ ਭਾਰਤ ਦੀ ਤਾਕਤ ਦੇ ਲਿਹਾਜ਼ ਨਾਲ ਕਾਫੀ ਘੱਟ ਸਕੋਰ ਹੈ। ਭਾਰਤ ਦਾ ਅਪ੍ਰੈਲ 2015 ਤੋਂ ਬਾਅਦ ਤੋਂ ਪਹਿਲੀ ਪਾਰੀ 'ਚ ਪੂਰੇ 50 ਓਵਰ ਖੇਡਦੇ ਹੋਏ ਇਹ ਸਭ ਤੋਂ ਘੱਟ ਸਕੋਰ ਹੈ। 
ਪਿੱਚ ਤੋਂ ਮਿਲ ਰਹੀ ਉਛਾਲ ਤੇ ਟਰਨ ਦਾ ਪੂਰਾ ਫਾਇਦਾ ਚੁੱਕਦੇ ਹੋਏ ਅਫਗਾਨ ਗੇਂਦਬਾਜ਼ਾਂ ਨੇ ਭਾਰਤ ਦੇ ਸਟਾਰ ਬੱਲੇਬਾਜ਼ਾਂ ਨੂੰ ਬੰਨ੍ਹੀ ਰੱਖਿਆ। ਉਨ੍ਹਾਂ ਨੇ 152 ਡਾਟ ਗੇਂਦਾਂ (ਤਕਰੀਬਨ 25.2 ਓਵਰ) ਸੁੱਟੇ। ਅਫਗਾਨ ਗੇਂਦਬਾਜ਼ਾਂ ਲਈ ਇਹ ਚੰਗੀ ਵਾਪਸੀ ਰਹੀ, ਜਿਨ੍ਹਾਂ ਨੂੰ ਪਿਛਲੇ ਮੈਚ ਵਿਚ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਰਿਕਾਰਡ 25 ਛੱਕੇ ਲਾਏ ਸਨ।

ਟੀਮਾਂ :
ਭਾਰਤ : ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਰਦਿਕ ਪੰਡਯਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।
ਅਫਗਾਨਿਸਤਾਨ : ਗੁਲਬਦੀਨ ਨਾਇਬ, ਰਹਿਮਤ ਸ਼ਾਹ, ਹਾਸ਼ਮਤੁੱਲਾਹ ਸ਼ਾਹਿਦੀ, ਅਸਗਰ ਅਫਗਾਨ, ਮੁਹੰਮਦ ਨਬੀ, ਨਜੀਬੁੱਲਾ ਜ਼ਾਦਰਾਨ, ਰਾਸ਼ਿਦ ਖ਼ਾਨ, ਇਕਰਾਮ ਅਲੀ ਖਿਲ, ਮੁਜੀਬ ਉਰ ਰਹਿਮਾਨ, ਆਫਤਾਬ ਆਲਮ, ਹਜ਼ਰਤੁੱਲਾਹ ਜਜਈ।


Related News