CWC 2019 : ਇੰਗਲੈਂਡ-ਪਾਕਿਸਤਾਨ ਮੁਕਾਬਲੇ ''ਚ ਹੋਵੇਗੀ ਵਿਸ਼ਵ ਰਿਕਾਰਡ ਪਿੱਚ

Monday, Jun 03, 2019 - 03:24 AM (IST)

CWC 2019 : ਇੰਗਲੈਂਡ-ਪਾਕਿਸਤਾਨ ਮੁਕਾਬਲੇ ''ਚ ਹੋਵੇਗੀ ਵਿਸ਼ਵ ਰਿਕਾਰਡ ਪਿੱਚ

ਨਾਟਿੰਘਮ— ਵਿਸ਼ਵ ਦੀ ਨੰਬਰ-1 ਟੀਮ ਅਤੇ ਮੇਜ਼ਬਾਨ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਸੋਮਵਾਰ ਨੂੰ ਹੋਣ ਵਾਲਾ ਵਿਸ਼ਵ ਕੱਪ ਮੁਕਾਬਲਾ ਉਸੇ ਪਿੱਚ 'ਤੇ ਖੇਡਿਆ ਜਾਵੇਗਾ, ਜੋ ਵਿਸ਼ਵ ਰਿਕਾਰਡ ਸਕੋਰਾਂ ਲਈ ਜਾਣੀ ਜਾਂਦੀ ਹੈ। 
ਇੰਗਲੈਂਡ ਅਤੇ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਇਸ ਪਿੱਚ 'ਤੇ ਕਾਫੀ ਸਾਵਧਾਨੀ ਵਰਤਣੀ ਹੋਵੇਗੀ ਕਿਉਂਕਿ ਇਸ ਪਿੱਚ 'ਤੇ ਇੰਗਲੈਂਡ ਨੇ ਸਭ ਤੋਂ ਵੱਧ ਵਨ ਡੇ ਸਕੋਰ ਦਾ ਵਿਸ਼ਵ ਰਿਕਾਰਡ 2 ਵਾਰ ਤੋੜਿਆ ਹੈ। ਇੰਗਲੈਂਡ ਨੇ ਪਿਛਲੇ ਸਾਲ ਆਸਟਰੇਲੀਆ ਖਿਲਾਫ 6 ਵਿਕਟਾਂ 'ਤੇ 481 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ, ਜਦਕਿ ਉਸ ਨੇ ਇਸ ਤੋਂ ਪਹਿਲਾਂ 2016 ਵਿਚ ਪਾਕਿਸਤਾਨ ਖਿਲਾਫ 3 ਵਿਕਟਾਂ 'ਤੇ 444 ਦੌੜਾਂ ਬਣਾਈਆਂ ਸਨ।  ਇਹ ਪਿੱਚ ਉਸ ਪਿੱਚ ਤੋਂ ਪੂਰੀ ਤਰ੍ਹਾਂ ਵੱਖਰੀ ਹੈ। ਇਸ 'ਤੇ ਪਾਕਿਸਤਾਨ ਦੀ ਟੀਮ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਖਿਲਾਫ ਸਿਰਫ 105 ਦੌੜਾਂ 'ਤੇ ਢੇਰ ਹੋ ਗਈ ਸੀ ਪਰ ਪਾਕਿਸਤਾਨ ਮੌਜੂਦਾ ਸਮੇਂ ਵਨ ਡੇ ਕ੍ਰਿਕਟ ਲਈ ਸਰਵਸ੍ਰੇਸ਼ਠ ਬੱਲੇਬਾਜ਼ੀ ਪਿੱਚ 'ਤੇ ਵਾਪਸੀ ਦੀ ਉਮੀਦ ਕਰ ਸਕਦਾ ਹੈ। ਇਸ ਵਿਸ਼ਵ ਕੱਪ ਲਈ ਮੰਨਿਆ ਜਾ ਰਿਹਾ ਸੀ ਕਿ ਵਿਸ਼ਾਲ ਸਕੋਰ ਬਣੇਗਾ ਪਰ ਏਸ਼ੀਆ ਦੀਆਂ ਟੀਮਾਂ ਨੂੰ ਅਜੇ ਤੱਕ ਸੰਘਰਸ਼ ਕਰਨਾ ਪਿਆ ਹੈ। ਪਾਕਿਸਤਾਨ ਦੀ ਟੀਮ ਵੈਸਟਇੰਡੀਜ਼ ਖਿਲਾਫ 105 ਅਤੇ ਸ਼੍ਰੀਲੰਕਾ ਦੀ ਟੀਮ ਨਿਊਜ਼ੀਲੈਂਡ ਖਿਲਾਫ 136 ਦੌੜਾਂ ਹੀ ਬਣਾ ਸਕੀ ਸੀ, ਜਦਕਿ ਅਫਗਾਨਿਸਤਾਨ ਨੇ ਵਿਸ਼ਵ ਚੈਂਪੀਅਨ ਆਸਟਰੇਲੀਆ ਖਿਲਾਫ 38.2 ਓਵਰਾਂ ਵਿਚ 207 ਦੌੜਾਂ ਬਣਾਈਆਂ ਸਨ। ਪਾਕਿਸਤਾਨ ਨੂੰ ਇੰਗਲੈਂਡ ਦੀ ਮਜ਼ਬੂਤ ਟੀਮ ਵਿਰੁੱਧ ਹਰ ਹਾਲ ਵਿਚ ਵਾਪਸੀ ਕਰਨੀ ਹੋਵੇਗੀ। ਉਸ ਨੇ ਦੱਖਣੀ ਅਫਰੀਕਾ ਖਿਲਾਫ 311 ਦੌੜਾਂ ਬਣਾਉਣ ਤੋਂ ਬਾਅਦ 104 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। 
ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਵੈਸਟਇੰਡੀਜ਼ ਖਿਲਾਫ ਮੁਕਾਬਲੇ ਵਿਚ ਸ਼ਾਰਟ ਗੇਂਦਾਂ ਤੋਂ ਪ੍ਰੇਸ਼ਾਨ ਹੋਣਾ ਪਿਆ ਸੀ। ਹੁਣ ਇੰਗਲੈਂਡ ਖਿਲਾਫ ਮੁਕਾਬਲੇ ਵਿਚ ਉਸ ਦੇ ਸਾਹਮਣੇ ਜੋਫਰਾ ਆਰਚਰ ਦੀ ਚੁਣੌਤੀ ਹੋਵੇਗੀ। ਉਸ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਆਪਣੀ ਸਪੀਡ ਅਤੇ ਉਛਾਲ ਨਾਲ ਹਿਲਾਇਆ ਸੀ ਪਰ ਵੱਡੇ ਸਕੋਰ ਵਾਲੀ ਪਿੱਚ 'ਤੇ ਉਹ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਨਗੇ, ਇਹ ਦੇਖਣਾ ਦਿਲਚਸਪ ਹੋਵੇਗਾ। ਪਾਕਿਸਤਾਨ ਵਨ ਡੇ ਵਿਚ ਲਗਾਤਾਰ 11 ਮੈਚ ਹਾਰ ਚੁੱਕਾ ਹੈ। ਉਹ ਆਪਣੇ ਇਸ ਰਿਕਾਰਡ ਨੂੰ ਹੋਰ ਸ਼ਰਮਨਾਕ ਹੋਣ ਤੋਂ ਬਚਾਉਣਾ ਅਤੇ ਟੂਰਨਾਮੈਂਟ ਵਿਚ ਮਜ਼ਬੂਤ ਵਾਪਸੀ ਕਰਨੀ ਚਾਹੇਗਾ।


author

Gurdeep Singh

Content Editor

Related News