CWC 2019 : ਸੈਮੀਫਾਈਨਲ ''ਚ ਜਗ੍ਹਾ ਬਣਾਉਣ ਉਤਰੇਗਾ ਭਾਰਤ

Tuesday, Jul 02, 2019 - 05:00 AM (IST)

ਬਰਮਿੰਘਮ— ਆਈ. ਸੀ. ਸੀ. ਵਿਸ਼ਵ ਕੱਪ 'ਚ ਪਟੜੀ ਤੋਂ ਉਤਰ ਗਈ ਭਾਰਤੀ ਕ੍ਰਿਕਟ ਟੀਮ ਮੰਗਲਵਾਰ ਨੂੰ ਬੰਗਲਾਦੇਸ਼ ਵਿਰੁੱਧ ਹਰ ਹਾਲ 'ਚ ਜਿੱਤ  ਨਾਲ ਸੈਮੀਫਾਈਨਲ ਦੀ ਟਿਕਟ ਕਟਾਉਣ ਉਤਰੇਗੀ। ਭਾਰਤੀ ਟੀਮ ਨੂੰ ਇੰਗਲੈਂਡ ਵਿਰੁੱਧ ਐਤਵਾਰ ਇਸੇ ਮੈਦਾਨ 'ਤੇ ਰੋਮਾਂਚਕ ਮੁਕਾਬਲੇ 'ਚ 31 ਦੌੜਾਂ ਨਾਲ ਹਾਰ ਝੱਲਣੀ ਪਈ ਸੀ, ਜਿਸ ਨਾਲ ਉਸਦੀਆਂ ਸੈਮੀਫਾਈਨਲ 'ਚ ਸਥਾਨ ਪੱਕਾ ਕਰਨ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਹਾਲਾਂਕਿ 7 ਮੈਚਾਂ 'ਚੋਂ 11 ਅੰਕਾਂ ਨਾਲ ਵਿਰਾਟ ਕੋਹਲੀ ਦੀ ਟੀਮ ਦੂਜੇ ਸਥਾਨ 'ਤੇ ਅਜੇ ਵੀ ਚੰਗੀ ਸਥਿਤੀ ਵਿਚ ਹੈ ਤੇ ਉਸ ਨੂੰ ਬਚੇ ਦੋਵਾਂ ਮੈਚਾਂ ਵਿਚੋਂ ਇਕ ਵਿਚ ਜਿੱਤ ਦਰਜ ਕਰਨੀ ਜ਼ਰੂਰੀ ਹੈ। 
ਦੂਜੇ ਪਾਸੇ ਬੰਗਲਾਦੇਸ਼ ਅੰਕ ਸੂਚੀ ਵਿਚ 6ਵੇਂ ਨੰਬਰ 'ਤੇ ਹੈ ਅਤੇ 7 ਮੈਚਾਂ ਵਿਚੋਂ ਉਸ ਦੇ 7 ਅੰਕ ਹਨ। ਬੰਗਲਾਦੇਸ਼ ਲਈ ਵੀ ਸੈਮੀਫਾਈਨਲ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਬਚੇ ਦੋਵਾਂ ਮੈਚਾਂ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਜ਼ਰੂਰੀ ਹੋ ਗਈ ਹੈ ਅਤੇ ਇਹ ਉਸ ਦੇ ਲਈ 'ਕਰੋ ਜਾਂ ਮਰੋ' ਦਾ ਮੁਕਾਬਲਾ ਹੋਵੇਗਾ। ਬੰਗਲਾਦੇਸ਼ ਜਿਥੇ ਪਿਛਲੇ ਮੈਚ 'ਚ ਅਫਗਾਨਿਸਤਾਨ ਵਿਰੁੱਧ 62 ਦੌੜਾਂ ਦੀ ਵੱਡੀ ਜਿੱਤ ਤੋਂ ਬਾਅਦ ਉੱਚੇ ਮਨੋਬਲ ਨਾਲ ਉਤਰੇਗੀ, ਉਥੇ ਹੀ ਭਾਰਤੀ ਟੀਮ 'ਤੇ ਹਰ ਹਾਲ ਵਿਚ ਜਿੱਤ ਨਾਲ ਸੈਮੀਫਾਈਨਲ ਵਿਚ ਸਥਾਨ ਪੱਕਾ ਕਰਨ ਦਾ ਦਬਾਅ ਰਹੇਗਾ।
ਐਜਬਸਟਨ ਵਿਚ ਅਜਿਹੀ ਹਾਲਤ 'ਚ ਦੋਵਾਂ ਏਸ਼ੀਆਈ ਟੀਮਾਂ ਵਿਚਾਲੇ ਮੁਕਾਬਲਾ ਸਖਤ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ, ਹਾਲਾਂਕਿ ਗੈਰ-ਅਧਿਕਾਰਤ ਤੌਰ 'ਤੇ ਮੌਜੂਦਾ ਅੰਕਾਂ ਦੇ ਆਧਾਰ 'ਤੇ ਵੀ ਟੀਮ ਇੰਡੀਆ ਦਾ ਨਾਕਆਊਟ ਵਿਚ ਲਗਭਗ ਸਥਾਨ ਪੱਕਾ ਹੋ ਚੁੱਕਾ ਹੈ। ਪਰ ਇੰਗਲੈਂਡ ਵਿਰੁੱਧ ਜਿਸ ਤਰ੍ਹਾਂ ਭਾਰਤੀ ਟੀਮ ਨੇ ਸੰਘਰਸ਼ ਕੀਤਾ, ਉਸ ਨੂੰ ਲੈ ਕੇ ਉਹ ਆਲੋਚਨਾਵਾਂ 'ਚ ਘਿਰ ਗਈ ਹੈ। ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਕੇਦਾਰ ਜਾਧਵ ਨੇ ਆਖਰੀ ਓਵਰਾਂ 'ਚ ਜਿਸ ਤਰ੍ਹਾਂ ਹੌਲੀ ਬੱਲੇਬਾਜ਼ੀ ਕਰਦਿਆਂ ਦੌੜਾਂ ਬਣਾਈਆਂ, ਉਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਉਥੇ ਹੀ ਪਹਿਲੇ ਪਾਵਰ ਪਲੇਅ ਵਿਚ ਵੀ ਦੋਵੇਂ ਚੋਟੀ ਦੇ ਬੱਲੇਬਾਜ਼ਾਂ ਵਿਰਾਟ ਅਤੇ ਰੋਹਿਤ ਸ਼ਰਮਾ ਨੇ ਤੇਜ਼ੀ ਨਾਲ ਦੌੜਾਂ ਨਹੀਂ ਬਣਾਈਆਂ।
ਇਸ ਵਿਸ਼ਵ ਕੱਪ ਵਿਚ ਜੇਕਰ ਕਿਸੇ ਟੀਮ ਕੋਲ ਜ਼ਬਰਦਸਤ ਬੱਲੇਬਾਜ਼ੀ ਲਾਈਨਅਪ ਅਤੇ ਗੇਂਦਬਾਜ਼ੀ ਹੈ ਤਾਂ ਉਹ ਭਾਰਤੀ ਟੀਮ ਹੈ, ਹਾਲਾਂਕਿ ਇੰਗਲੈਂਡ ਵਿਰੁੱਧ ਮਿਲੀ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਉਹ ਨਿਸ਼ਚਿਤ ਹੀ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਵਿਰਾਟ ਤੇ ਰੋਹਿਤ ਟਾਪ ਸਕੋਰਰ ਹਨ, ਰੋਹਿਤ ਨੇ ਲੋਕੇਸ਼ ਰਾਹੁਲ ਦੇ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ 102 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਦੂਜੀ ਵਿਕਟ ਲਈ ਵਿਰਾਟ ਨਾਲ 138 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ।
ਇਸ ਮੈਚ ਵਿਚ ਡੈਬਿਊ ਕਰਨ ਉਤਰੇ ਰਿਸ਼ਭ ਪੰਤ ਨੇ ਵੀ ਸੰਖੇਪ 29 ਗੇਂਦਾਂ ਦੀ ਪਾਰੀ ਵਿਚ 4 ਚੌਕੇ ਲਾ ਕੇ ਤਾਬੜਤੋੜ 32 ਦੌੜਾਂ ਬਣਾਈਆਂ, ਜਦਕਿ ਹਾਰਦਿਕ ਪੰਡਯਾ ਤੇ ਧੋਨੀ ਹੇਠਲੇਕ੍ਰਮ ਵਿਚ ਸਭ ਤੋਂ ਉਪਯੋਗੀ ਹਨ। ਹਾਲਾਂਕਿ ਦੋਵਾਂ ਵਿਚਾਲੇ ਸਾਂਝੇਦਾਰੀ ਹੌਲੀ ਰਹੀ ਸੀ ਅਤੇ ਹੁਣ ਕਿਉਂਕਿ ਭਾਰਤ ਨੇ ਅਗਲਾ ਮੈਚ ਵੀ ਇਸੇ ਮੈਦਾਨ 'ਤੇ ਖੇਡਣਾ ਹੈ ਤਾਂ ਉਸ ਨੂੰ ਬਿਹਤਰ ਰਣਨੀਤੀ ਨਾਲ ਉਤਰਨਾ ਪਵੇਗਾ। 
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੈਦਾਨ 'ਤੇ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਹੋ ਸਕਦੀ ਹੈ, ਜਿਹੜਾ ਡੈੱਥ ਓਵਰਾਂ ਵਿਚ ਕਈ ਵਾਰ ਉਪਯੋਗੀ ਰਹਿੰਦਾ ਹੈ ਪਰ ਮੁਹੰਮਦ ਸ਼ੰਮੀ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਉਸ ਨੂੰ ਬਾਹਰ ਰੱਖਣਾ ਮੁਸ਼ਕਿਲ ਲੱਗ ਰਿਹਾ ਹੈ। ਸ਼ੰਮੀ ਨੇ ਪਿਛਲੇ ਮੈਚ ਵਿਚ 5 ਵਿਕਟਾਂ ਕੱਢੀਆਂ ਸਨ, ਜਦਕਿ ਸਪਿਨਰ ਯੁਜਵੇਂਦਰ ਚਾਹਲ 88 ਦੌੜਾਂ ਅਤੇ ਪੰਡਯਾ 60 ਦੌੜਾਂ ਦੇ ਕੇ ਮਹਿੰਗੇ ਸਾਬਤ ਹੋਏ ਸਨ। ਉਥੇ ਹੀ ਚਾਈਨਾਮੈਨ ਕੁਲਦੀਪ ਯਾਦਵ ਵੀ 72 ਦੌੜਾਂ ਦੇ ਕੇ ਇਕ ਹੀ ਵਿਕਟ ਲੈ ਸਕਿਆ ਸੀ। ਅਜਿਹੀ ਹਾਲਤ ਵਿਚ ਟੀਮ ਮੈਨੇਜਮੈਂਟ ਕਿਸੇ ਸਪਿਨਰ ਨੂੰ ਬਾਹਰ ਬਿਠਾ ਸਕਦੀ ਹੈ। ਬੰਗਲਾਦੇਸ਼ ਲਈ ਵੀ ਹੌਲੀ ਵਿਕਟ 'ਤੇ ਖੇਡਣਾ ਚੰਗਾ ਹੋਵੇਗਾ, ਜਿਹੜਾ ਉਸ ਦੇ ਸਪਿਨਰਾਂ ਲਈ ਮਦਦਗਾਰ ਰਹੇਗਾ। ਬੰਗਲਾਦੇਸ਼ ਟੀਮ ਨੂੰ ਅਭਿਆਸ ਮੈਚ ਵਿਚ ਭਾਰਤ ਨੇ ਹਰਾਇਆ ਸੀ ਪਰ ਉਸ ਦੀ ਮੌਜੂਦਾ ਲੈਅ ਤੋਂ ਭਾਰਤ ਨੂੰ ਮੁਸ਼ਕਿਲ ਹੋ ਸਕਦੀ ਹੈ। 
ਟੀਮਾਂ ਇਸ ਤਰ੍ਹਾਂ ਹਨ— 
ਭਾਰਤ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਕੇਦਾਰ ਜਾਧਵ, ਮਹਿੰਦਰ ਸਿੰਘ (ਵਿਕਟਕੀਪਰ), ਹਾਰਦਿਕ ਪੰਡਯਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ, ਰਵਿੰਦਰ ਜਡੇਜਾ।
ਬੰਗਲਾਦੇਸ਼ - ਮਸ਼ਰਫੀ ਮੁਰਤਜਾ (ਕਪਤਾਨ), ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕਰ ਰਹੀਮ (ਵਿਕਟਕੀਪਰ), ਮਹਿਮੂਦਉੱਲ੍ਹਾ ਰਿਆਦ, ਸ਼ਬੀਰ ਰਹਿਮਾਨ, ਮੇਹਦੀ ਹਸਨ, ਮਿਰਾਜ, ਮੋਸਾਡੇਕ ਹੁਸੈਨ, ਮੁਹੰਮਦ ਸੈਫਉੱਦੀਨ, ਮੁਸਤਾਫਿਜ਼ੁਰ ਰਹਿਮਾਨ, ਰੂਬੇਲ ਹੁਸੈਨ, ਲਿਟਨ ਦਾਸ, ਅੱਬੂ ਜਾਇਦ, ਮੁਹੰਮਦ ਮਿਥੁਨ । 


Gurdeep Singh

Content Editor

Related News