ਧਾਕੜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਬੈਲਨ ਡੀ ਓਰ ਦੇ ਮੁਖੀ ''ਤੇ ਵਿੰਨ੍ਹਿਆ ਨਿਸ਼ਾਨਾ

Wednesday, Dec 01, 2021 - 11:29 AM (IST)

ਧਾਕੜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਬੈਲਨ ਡੀ ਓਰ ਦੇ ਮੁਖੀ ''ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ- ਪੁਰਤਗਾਲੀ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਬੈਲਨ ਡੀ ਓਰ ਦੇ ਮੁਖੀ ਪਾਸਕਲ ਫੇਰੇ 'ਤੇ ਇਹ ਦਾਅਵਾ ਕਰਨ ਲਈ ਹਮਲਾ ਕੀਤਾ ਹੈ ਕਿ ਮਾਨਚੈਸਟਰ ਯੂਨਾਈਟਿਡ ਦੇ ਇਸ ਸਟਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਅਰਜਨਟੀਨਾ ਦੇ ਸੁਪਰ ਸਟਾਰ ਲਿਓਨ ਮੈਸੀ ਦੀ ਤੁਲਨਾ ਵਿਚ ਵੱਧ ਬੈਲਨ ਡੀ ਓਰ ਦੇ ਨਾਲ ਸੇਵਾ ਮੁਕਤ ਹੋਣਾ ਚਾਹੁੰਦੇ ਹਨ। ਰੋਨਾਲਡੋ ਇਸ ਵਾਰ ਬੈਲਨ ਡੀ ਓਰ ਪੁਰਸਕਾਰ ਦੀ ਦੌੜ ਵਿਚ ਕਾਫੀ ਪਿੱਛੇ ਰਹਿ ਗਏ। ਉਹ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸੋਮਵਾਰ ਨੂੰ ਹੋਏ ਇਸ ਸਮਾਗਮ ਵਿਚ ਹਿੱਸਾ ਲੈਣ ਵੀ ਨਹੀਂ ਪੁੱਜੇ। ਮੈਸੀ ਦੇ ਪੁਰਸਕਾਰ ਜਿੱਤਣ ਤੋਂ ਬਾਅਦ ਰੋਨਾਲਡੋ ਨੇ ਪੁਰਸਕਾਰ ਦੇ ਪ੍ਰਬੰਧਕਾਂ ਨੂੰ ਨਿਸ਼ਾਨੇ 'ਤੇ ਲਿਆ। ਰੋਨਾਲਡੋ ਨੇ ਫੇਰੇ ਦੇ ਪਿਛਲੇ ਹਫ਼ਤੇ ਦਿੱਤੇ ਉਸ ਬਿਆਨ ਨੂੰ ਗ਼ਲਤ ਦੱਸਿਆ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਰੋਨਾਲਡੋ ਦਾ ਜੀਵਨ ਵਿਚ ਸਿਰਫ਼ ਇਕ ਹੀ ਟੀਚਾ ਹੈ ਕਿ ਉਹ ਕਰੀਅਰ ਦੇ ਅੰਤ ਵਿਚ ਮੈਸੀ ਤੋਂ ਵੱਧ ਬੈਲਨ ਡੀ ਓਰ ਜਿੱਤਣਾ ਚਾਹੁੰਦੇ ਹਨ।

ਰੋਨਾਲਡੋ ਨੇ ਇਸ ਪੋਸਟ ਵਿਚ ਲਿਖਿਆ ਕਿ ਅੱਜ ਦਾ ਨਤੀਜਾ ਇਹ ਸਾਬਤ ਕਰਦਾ ਹੈ ਕਿ ਫੇਰੇ ਦਾ ਬਿਆਨ ਗ਼ਲਤ ਹੈ। ਉਨ੍ਹਾਂ ਨੇ ਝੂਠ ਕਿਹਾ ਤਾਂ ਜੋ ਉਹ ਮੇਰੇ ਨਾਂ ਦਾ ਇਸਤੇਮਾਲ ਕਰ ਕੇ ਆਪਣੇ ਪਬਲਿਕੇਸ਼ਨ ਦਾ ਪ੍ਰਮੋਸ਼ਨ ਕਰ ਸਕਣ। ਇਹ ਗੱਲ ਮੰਨਣੀ ਸੌਖੀ ਨਹੀਂ ਹੈ ਕਿ ਜਿਸ ਸ਼ਖ਼ਸ ਕੋਲ ਇੰਨਾ ਵੱਕਾਰੀ ਪੁਰਸਕਾਰ ਦੇਣ ਦੀ ਜ਼ਿੰਮੇਵਾਰੀ ਹੈ ਉਹ ਅਜਿਹਾ ਗ਼ਲਤ ਬਿਆਨ ਦੇ ਸਕਦਾ ਹੈ। ਉਨ੍ਹਾਂ ਨੇ ਮੇਰੇ ਸਨਮਾਨ ਦੀ ਪਰਵਾਹ ਨਹੀਂ ਕੀਤੀ ਜਦਕਿ ਮੈਂ ਹਮੇਸ਼ਾ ਫਰਾਂਸ ਫੁੱਟਬਾਲ ਤੇ ਬੈਲਨ ਡੀ ਓਰ ਦਾ ਸਨਮਾਨ ਕੀਤਾ ਹੈ। ਮੇਰੇ ਕਰੀਅਰ ਦਾ ਟੀਚਾ ਇਹ ਹੈ ਕਿ ਮੈਂ ਆਪਣੇ ਤੇ ਆਪਣੇ ਕਲੱਬ ਲਈ ਮੈਚ ਜਿੱਤਾਂ, ਉਨ੍ਹਾਂ ਲਈ ਜਿੱਤ ਹਾਸਲ ਕਰਾਂ ਜੋ ਮੈਨੂੰ ਪਿਆਰ ਕਰਦੇ ਹਨ। ਮੈਂ ਕਈ ਰਾਸ਼ਟਰੀ ਤੇ ਅੰਤਰਰਾਸ਼ਰਟੀ ਖ਼ਿਤਾਬ ਜਿੱਤਾਂ। ਮੈਂ ਨੌਜਵਾਨਾਂ ਲਈ ਚੰਗੀ ਮਿਸਾਲ ਬਣਾਂ। ਮੇਰਾ ਟੀਚਾ ਹੈ ਕਿ ਮੇਰਾ ਨਾਂ ਫੁੱਟਬਾਲ ਦੇ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਵੇ।


author

Tarsem Singh

Content Editor

Related News