ਕ੍ਰਿਕਟਰਾਂ ਨੂੰ ਖਾਲੀ ਸਟੇਡੀਅਮ ਵਿਚ ਖੇਡਣਾ ਸਿੱਖਣਾ ਪਵੇਗਾ : ਪੀਟਰਸਨ
Tuesday, May 12, 2020 - 12:23 PM (IST)

ਲੰਡਨ : ਇੰਗਲੈਂਡ ਦੇ ਸਾਬਕਾ ਕੇਵਿਨ ਪੀਟਰਸਨ ਦਾ ਕਹਿਣਾ ਹੈ ਕਿ ਕ੍ਰਿਕਟਰਾਂ ਨੂੰ ਖਾਲੀ ਸਟੇਡੀਅਮਾਂ ਵਿਚ ਖੇਡਣਾ ਸਿੱਖਣਾ ਪਵੇਗਾ, ਜਦੋਂ ਤਕ ਕੋਵਿਡ-19 ਦੀ ਵੈਕਸੀਨ ਨਹੀਂ ਮਿਲ ਜਾਂਦੀ। ਕੋਰੋਨਾ ਕਾਰਨ ਇਸ ਸਮੇਂ ਦੁਨੀਆ ਭਰ ਵਿਚ ਕ੍ਰਿਕਟ ਸਮੇਤ ਸਾਰੀਆਂ ਖੇਡ ਗਤੀਵਿਧੀਆਂ ਠੱਪ ਪਈਆਂ ਹਨ ਤੇ ਖੇਡਾਂ ਜਲਦ ਸ਼ੁਰੂ ਹੋਣ ਦੇ ਅਜੇ ਕੋਈ ਆਸਾਰ ਨਹੀਂ ਨਜ਼ਰ ਆ ਰਹੇ ਹਨ।
ਪੀਟਰਸਨ ਨੇ ਕਿਹਾ ਕਿ ਜਨਤਾ ਜਿਹੜੀ ਸਾਡੀ ਫੈਨ ਹੈ ਉਸਦਾ ਮਨੋਬਲ ਉੱਚਾ ਹੋਣਾ ਚਾਹੀਦਾ ਹੈ। ਇਸ ਸਮੇਂ ਫੈਨਜ਼ ਦਾ ਮਨੋਬਲ ਡਿੱਗਿਆ ਹੋਇਆ ਹੈ। ਖੇਡਾਂ ਲੋਕਾਂ ਲਈ ਊਰਜਾ ਦਾ ਕੰਮ ਕਰਦੀਆਂ ਹਨ ਤੇ ਉਨ੍ਹਾਂ ਦਾ ਮਨੋਬਲ ਚੁੱਕਦੀਆਂ ਹਨ।ਉਸ ਨੇ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਸਾਨੂੰ ਦਰਸ਼ਕਾਂ ਤੋਂ ਬਿਨਾਂ ਖਾਲੀ ਸਟੇਡੀਅਮ ਵਿਚ ਉਦੋਂ ਤਕ ਖੇਡਣਾ ਪਵੇਗਾ, ਜਦੋਂ ਤਕ ਅਸੀਂ ਵੈਕਸੀਨ ਨਹੀਂ ਲੱਭ ਲੈਂਦੇ। ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਖਿਡਾਰੀਆਂ ਨੂੰ ਅਜਿਹੇ ਹਾਲਾਤ ਦੀ ਆਦਤ ਪਾਉਣੀ ਪਵੇਗੀ। ਜੇਕਰ ਸਟੇਡੀਅਮ ਵਿਚ ਦਰਸ਼ਕ ਨਹੀਂ ਹੁੰਦੇ ਤਾਂ ਕੀ ਹੋਇਆ। ਲੋਕ ਆਪਣੇ ਘਰਾਂ ਵਿਚ ਟੀ. ਵੀ. ਰਾਹੀਂ ਤਾਂ ਮੈਚ ਦੇਖ ਸਕਦੇ ਹਨ।