ਕ੍ਰਿਕਟ ਵਿਸ਼ਵ ਕੱਪ 2023 ਨੇ ਭਾਰਤੀ ਅਰਥਵਿਵਸਥਾ ''ਚ ਕੀਤਾ ਵਾਧਾ
Wednesday, Sep 11, 2024 - 04:34 PM (IST)
ਦੁਬਈ- ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਆਰਥਿਕ ਤੌਰ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਸਾਬਤ ਹੋਇਆ ਹੈ, ਜਿਸ ਨੇ ਭਾਰਤੀ ਅਰਥਵਿਵਸਥਾ ਨੂੰ 11,637 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਵਿਸ਼ਵ ਕੱਪ 2023 ਪਿਛਲੇ ਸਾਲ 5 ਅਕਤੂਬਰ ਤੋਂ 19 ਨਵੰਬਰ ਤੱਕ ਭਾਰਤ ਦੇ 10 ਸ਼ਹਿਰਾਂ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ, ਧਰਮਸ਼ਾਲਾ, ਹੈਦਰਾਬਾਦ, ਕੋਲਕਾਤਾ, ਲਖਨਊ, ਮੁੰਬਈ ਅਤੇ ਪੁਣੇ ਵਿੱਚ ਖੇਡਿਆ ਗਿਆ ਸੀ। ਆਈਸੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 'ਚ ਇਕ ਕਰੋੜ 25 ਲੱਖ ਦਰਸ਼ਕਾਂ ਨੇ ਹਿੱਸਾ ਲਿਆ ਨਤੀਜੇ ਵਜੋਂ ਮੇਜ਼ਬਾਨ ਸ਼ਹਿਰਾਂ ਨੂੰ ਸੈਰ-ਸਪਾਟਾ, ਰਿਹਾਇਸ਼, ਯਾਤਰਾ, ਆਵਾਜਾਈ ਅਤੇ ਭੋਜਨ ਆਦਿ ਦੁਆਰਾ 861.4 ਮਿਲੀਅਨ ਡਾਲਰ ਦਾ ਰਾਜਸਵ ਪ੍ਰਾਪਤ ਹੋਇਆ।
ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਲਗਭਗ 75 ਪ੍ਰਤੀਸ਼ਤ ਦਰਸ਼ਕਾਂ ਨੇ ਪਹਿਲੀ ਵਾਰ ਮੈਚਾਂ ਦਾ ਅਨੰਦ ਲਿਆ, ਜਦਕਿ ਲਗਭਗ 55 ਪ੍ਰਤੀਸ਼ਤ ਵਿਦੇਸ਼ੀ ਦਰਸ਼ਕ ਪਹਿਲਾਂ ਭਾਰਤ ਦਾ ਦੌਰਾ ਕਰ ਚੁੱਕੇ ਸਨ ਪਰ ਖਾਸ ਕਰਕੇ ਵਿਸ਼ਵ ਕੱਪ ਦੇ ਕਾਰਨ 19 ਪ੍ਰਤੀਸ਼ਤ ਦਰਸ਼ਕਾਂ ਨੇ ਭਾਰਤ ਦਾ ਦੌਰਾ ਕੀਤਾ। ਆਪਣੇ ਭਾਰਤ ਪ੍ਰਵਾਸ ਦੇ ਦੌਰਾਨ ਇਨ੍ਹਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਬਹੁਤ ਸਾਰੇ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ, ਜਿਸ ਨਾਲ 281.2 ਮਿਲੀਅਨ ਅਮਰੀਕੀ ਡਾਲਰ ਦਾ ਆਰਥਿਕ ਪ੍ਰਭਾਵ ਪਿਆ ਅਤੇ ਲਗਭਗ 68 ਪ੍ਰਤੀਸ਼ਤ ਵਿਦੇਸ਼ੀ ਸੈਲਾਨੀ ਵੀ ਅਜਿਹੇ ਸਨ ਜਿਨ੍ਹਾਂ ਨੂੰ ਭਾਰਤੀਆਂ ਦੀ ਮਹਿਮਾਨਨਿਵਾਜ਼ੀ ਬਹੁਤ ਪਸੰਦ ਆਈ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਭਵਿੱਖ ਵਿੱਚ ਭਾਰਤ ਦੇ ਗਲੋਬਲ ਅਕਸ ਨੂੰ ਹੋਰ ਉੱਚਾ ਚੁੱਕਣ ਲਈ ਦੋਸਤਾਂ ਅਤੇ ਪਰਿਵਾਰ ਨੂੰ ਇੱਥੇ ਆਉਣ ਦੀ ਸਲਾਹ ਦੇਣਗੇ। ਜ਼ਿਆਦਾਤਰ ਵਿਦੇਸ਼ੀ ਸੈਲਾਨੀਆਂ ਨੇ ਦੇਸ਼ ਵਿੱਚ ਪੰਜ ਤੋਂ ਜ਼ਿਆਦਾ ਰਾਤਾਂ ਬਿਤਾਈਆਂ, ਜਦੋਂ ਕਿ ਘਰੇਲੂ ਯਾਤਰੀਆਂ ਨੇ ਮੇਜ਼ਬਾਨ ਸ਼ਹਿਰਾਂ ਵਿੱਚ ਔਸਤਨ ਦੋ ਰਾਤਾਂ ਬਿਤਾਈਆਂ। ਪ੍ਰਭਾਵਸ਼ਾਲੀ 73 ਪ੍ਰਤੀਸ਼ਤ ਸਥਾਨਕ ਲੋਕਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਨਾਲ ਭਾਰਤ ਦੇ ਅਕਸ 'ਤੇ ਸਕਾਰਾਤਮਕ ਪ੍ਰਭਾਵ ਪਿਆ ਹੈ।
ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਨੇ ਹੋਟਲ ਅਤੇ ਸੈਰ-ਸਪਾਟਾ ਉਦਯੋਗ ਨੂੰ ਨਿਖਾਰਿਆ, ਨਤੀਜੇ ਵਜੋਂ 48 ਹਜ਼ਾਰ ਤੋਂ ਵੱਧ ਫੁੱਲ-ਅਤੇ ਪਾਰਟ-ਟਾਈਮ ਨੌਕਰੀਆਂ ਪੈਦਾ ਹੋਈਆਂ, ਜਿਨ੍ਹਾਂ ਨੇ ਅਰਥਵਿਵਸਥਾ ਵਿੱਚ 18 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ। ਰਿਪੋਰਟ ਵਿੱਚ ਭਾਰਤੀ ਅਰਥਵਿਵਸਥਾ 'ਤੇ ਸਥਾਈ ਪ੍ਰਭਾਵ ਬਣਾਉਣ ਲਈ ਵਿਸ਼ਵ ਕੱਪ ਦੀ ਮਿਆਦ ਤੋਂ ਅੱਗੇ ਵਧਣ ਵਾਲੇ ਲਾਭਾਂ 'ਤੇ ਚਾਨਣਾ ਪਾਈ ਗਈ ਹੈ, ਕਿਉਂਕਿ 59 ਫੀਸਦੀ ਵਿਦੇਸ਼ੀ ਸੈਲਾਨੀਆਂ ਨੇ ਭਾਰਤੀ ਸੈਰ-ਸਪਾਟੇ ਦੀ ਸ਼ਲਾਘਾ ਕੀਤੀ ਹੈ। ਆਈਸੀਸੀ ਦੇ ਮੁੱਖ ਕਾਰਜਕਾਰੀ ਜੀਓਫ ਐਲਾਰਡਿਸ ਨੇ ਕਿਹਾ, “ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਨੇ ਕ੍ਰਿਕਟ ਦੀ ਮਹੱਤਵਪੂਰਨ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਭਾਰਤ ਲਈ 1.39 ਬਿਲੀਅਨ ਅਮਰੀਕੀ ਡਾਲਰ ਦਾ ਆਰਥਿਕ ਲਾਭ ਹੋਇਆ ਹੈ। "ਇਸ ਸਮਾਗਮ ਨੇ ਹਜ਼ਾਰਾਂ ਨੌਕਰੀਆਂ ਪੈਦਾ ਕੀਤੀਆਂ ਅਤੇ ਭਾਰਤ ਨੂੰ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਵਜੋਂ ਪ੍ਰਦਰਸ਼ਿਤ ਕੀਤਾ।"