ਧਾਕੜ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ ! ਦੱਖਣੀ ਅਫ਼ਰੀਕਾ ਨਾਲ ਚੱਲ ਰਹੀ ਲੜੀ ਵਿਚਾਲੇ ਕੀਤਾ ਐਲਾਨ
Thursday, Dec 04, 2025 - 09:45 AM (IST)
ਸਪੋਰਟਸ ਡੈਸਕ- ਇਕ ਪਾਸੇ ਭਾਰਤ ਦੀ ਦੱਖਣੀ ਅਫਰੀਕਾ ਨਾਲ ਵਨਡੇ ਸੀਰੀਜ਼ ਚੱਲ ਰਹੀ ਹੈ, ਉੱਥੇ ਹੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਟੀਮ ਦੇ ਧਾਕੜ ਗੇਂਦਬਾਜ਼ ਮੋਹਿਤ ਸ਼ਰਮਾ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਮੋਹਿਤ ਸ਼ਰਮਾ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ, ਜਿਸ ਨਾਲ ਉਸ ਦੇ 34 ਕੌਮਾਂਤਰੀ ਮੈਚਾਂ ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਚੱਲੇ ਕਰੀਅਰ ਦਾ ਅੰਤ ਹੋ ਗਿਆ ਹੈ। ਉਨ੍ਹਾਂ ਆਪਣੀ ਪੋਸਟ 'ਚ ਦੱਸਿਆ ਕਿ ਹਰਿਆਣਾ ਤੋਂ ਭਾਰਤੀ ਟੀਮ ਦੀ ਜਰਸੀ ਪਹਿਨਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਧੰਨਵਾਦ ਕੀਤਾ ਹੈ।

37 ਸਾਲਾ ਮੋਹਿਤ ਨੇ 26 ਵਨਡੇ ਤੇ 8 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਭਾਰਤ ਲਈ 2013 ਵਿਚ ਡੈਬਿਊ ਕਰਨ ਵਾਲੇ ਮੋਹਿਤ ਨੇ 26 ਵਨ ਡੇ ਵਿਚ 35 ਵਿਕਟਾਂ ਤੇ 8 ਟੀ-20 ਵਿਚ 6 ਵਿਕਟਾਂ ਲਈਆਂ ਹਨ। ਉਹ 2015 ਵਿਸ਼ਵ ਕੱਪ ਟੀਮ ਦਾ ਹਿੱਸਾ ਸੀ ਤੇ ਬਾਅਦ ਵਿਚ ਐੱਮ.ਐੱਸ. ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਲਈ ਡੈੱਥ ਓਵਰਾਂ ਵਿਚ ਇਕ ਭਰੋਸੇਮੰਦ ਗੇਂਦਬਾਜ਼ ਬਣ ਕੇ ਉੱਭਰਿਆ ਸੀ। ਚੇਨਈ ਤੋਂ ਇਲਾਵਾ ਮੋਹਿਤ ਨੇ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼), ਦਿੱਲੀ ਕੈਪੀਟਲਸ ਤੇ ਗੁਜਰਾਤ ਟਾਈਟਨਜ਼ ਦੀ ਵੀ ਪ੍ਰਤੀਨਿਧਤਾ ਕੀਤੀ ਹੈ। 2023 ਵਿਚ ਉਹ ਗੁਜਰਾਤ ਟਾਈਟਨਜ਼ ਲਈ ਸੈਸ਼ਨ ਦਾ ਦੂਜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਰਿਹਾ ਸੀ।
